ਸ਼ਰਾਬ ਫੜਾਉਣ ਦੇ ਸ਼ੱਕ ’ਚ ਪੰਚਾਇਤ ਮੈਂਬਰ ਨੂੰ ਮਾਰੀ ਗੋਲੀ

06/17/2019 2:13:44 AM

ਮੋਗਾ, (ਆਜ਼ਾਦ)- ਪਿੰਡ ਜੀਤਾ ਸਿੰਘ ਵਾਲਾ ਵਿਖੇ ਹਥਿਆਰਬੰਦ ਵਿਅਕਤੀਆਂ ਵੱਲੋਂ ਰੰਜਿਸ਼ ਕਾਰਣ ਪੰਚਾਇਤ ਮੈਂਬਰ ਜਸਪਾਲ ਸਿੰਘ ਉਰਫ ਜੱਸਾ ਨੂੰ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦੇ ਇਲਾਵਾ ਉਸ ਦਾ ਰਿਵਾਲਵਰ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਬਾਘਾਪੁਰਾਣਾ ਪੁਲਸ ਵੱਲੋਂ ਬਲਵਿੰਦਰ ਸਿੰਘ, ਪ੍ਰੀਤਮ ਸਿੰਘ, ਜਸਵੀਰ ਸਿੰਘ, ਜਸ਼ਨਦੀਪ ਸਿੰਘ, ਬਲਜਿੰਦਰ ਕੌਰ ਸਾਰੇ ਨਿਵਾਸੀ ਪਿੰਡ ਜੀਤਾ ਸਿੰਘ ਵਾਲਾ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਪਵਨ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਮੈਂਬਰ ਪੰਚਾਇਤ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਆਪਣੇ ਖੇਤਾਂ ’ਚੋਂ ਹੋ ਕੇ ਘਰ ਜਾ ਰਿਹਾ ਸੀ ਤਾਂ ਰਸਤੇ ’ਚ ਬਲਵਿੰਦਰ ਸਿੰਘ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਕਿਸੇ ਤਰ੍ਹਾਂ ਉਥੋਂ ਨਿਕਲ ਗਿਆ, ਜਿਸ ’ਤੇ ਪ੍ਰੀਤਮ ਸਿੰਘ ਨੇ ਉਸ ਦੇ ਮਗਰ ਕਾਰ ਲਾ ਕੇ ਉਸ ਨੂੰ ਘੇਰ ਲਿਆ ਅਤੇ ਉਥੇ ਹੀ ਹੋਰ ਕਈ ਵਿਅਕਤੀ ਆ ਗਏ, ਜੋ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਮੇਰੇ ’ਤੇ ਗੋਲੀ ਚਲਾ ਦਿੱਤੀ, ਜੋ ਮੇਰੇ ਮੋਢੇ ’ਤੇ ਲੱਗੀ ਅਤੇ ਜ਼ਖਮੀ ਹੋ ਕੇ ਮੈਂ ਡਿੱਗ ਪਿਆ, ਜਿਸ ’ਤੇ ਮੈਂ ਰੌਲਾ ਪਾਇਆ ਤਾਂ ਉਥੇ ਲੋਕ ਆ ਗਏ ਅਤੇ ਕਥਿਤ ਦੋਸ਼ੀ ਉਸ ਨੂੰ ਧਮਕੀਆਂ ਦਿੰਦੇ ਹੋਏ ਮੇਰਾ 32 ਬੋਰ ਦਾ ਰਿਵਾਲਵਰ ਸਮੇਤ ਕਾਰਤੂਸ ਅਤੇ ਲਾਇਸੈਂਸ ਵੀ ਲੈ ਗਏ। ਉਥੇ ਮੌਜੂਦ ਲੋਕਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ। ਉਸ ਨੇ ਪੁਲਸ ਨੂੰ ਦੱਸਿਆ ਕਿ ਕਰੀਬ 5-6 ਮਹੀਨੇ ਪਹਿਲਾਂ ਕਥਿਤ ਦੋਸ਼ੀਆਂ ਦੀ ਸ਼ਰਾਬ ਫਡ਼ੀ ਗਈ ਸੀ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੀ ਸ਼ਰਾਬ ਮੈਂ ਫਡ਼ਾਈ ਹੈ, ਜਿਸ ਕਾਰਣ ਉਨ੍ਹਾਂ ਨੇ ਮੇਰੇ ’ਤੇ ਜਾਨਲੇਵਾ ਹਮਲਾ ਕੀਤਾ। ਐੱਸ.ਐੱਚ.ਓ. ਮੁਖਤਿਆਰ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Bharat Thapa

Content Editor

Related News