ਚੰਡੀਗੜ੍ਹ ''ਚ ਸਵੇਰੇ 10 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ, ਸ਼ਹਿਰ ''ਚ ਆਉਣ ਲਈ ''ਪਾਸ'' ਜ਼ਰੂਰੀ ਨਹੀਂ

06/02/2020 11:23:51 AM

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪ੍ਰਸ਼ਾਸਨ ਨੇ ਅਨਲਾਕ-1 ਸਬੰਧੀ ਸੋਮਵਾਰ ਨੂੰ ਵਾਰ ਰੂਮ ਮੀਟਿੰਗ ’ਚ ਕਈ ਨਵੀਆਂ ਹਦਾਇਤਾਂ ਦਿੱਤੀਆਂ ਹਨ। ਹੁਣ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 10 ਤੋਂ ਰਾਤ 8 ਵਜੇ ਤੱਕ ਤੈਅ ਕਰ ਦਿੱਤਾ ਗਿਆ ਹੈ। ਜ਼ਰੂਰੀ ਸਾਮਾਨ ਜਿਵੇਂ ਦੁੱਧ, ਬ੍ਰੈੱਡ, ਦਵਾਈਆਂ, ਫਲ ਅਤੇ ਸਬਜ਼ੀ ਆਦਿ ਦੀਆਂ ਦੁਕਾਨ ’ਤੇ ਇਹ ਸਮਾਂ ਅਤੇ ਹੁਕਮ ਲਾਗੂ ਨਹੀਂ ਹੋਣਗੇ। ਦੁਕਾਨਾਂ ਦੇ ਵੀਕਲੀ ਕਲੋਜ਼ਰ ਲਈ ਤਾਲਾਬੰਦੀ ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ ਹੀ ਜਾਰੀ ਰਹਿਣਗੇ। ਪ੍ਰਸ਼ਾਸਨ ਨੇ ਜਿਨ੍ਹਾਂ ਬਾਜ਼ਾਰਾਂ ’ਤੇ 18 ਮਈ ਨੂੰ ਓਡ-ਈਵਨ ਦਾ ਪਹਿਲਾ ਹੁਕਮ ਜਾਰੀ ਕੀਤਾ ਹੈ, ਉਹ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਰਹੇਗਾ। ਸਟ੍ਰੀਟ ਵੈਂਡਰਾਂ ’ਤੇ ਵੀ ਓਡ-ਈਵਨ ਦੇ ਹੁਕਮ ਜਾਰੀ ਰਹਿਣਗੇ।
ਚੋਣਵੇਂ ਕਮਿਊਨਿਟੀ ਸੈਂਟਰਾਂ ’ਚ 8 ਤੋਂ ਹੋਣਗੇ ਪ੍ਰੋਗਰਾਮ
ਵਿਆਹ ਅਤੇ ਸਮਾਰੋਹਾਂ, ਅੰਤਿਮ ਸਸਕਾਰ ਨਾਲ ਸਬੰਧਤ ਪ੍ਰੋਗਰਾਮ ਲਈ ਸ਼ਹਿਰ ਦੇ ਕੁੱਝ ਕਮਿਊਨਿਟੀ ਸੈਂਟਰਾਂ ਨੂੰ ਹੀ ਚੁਣਿਆ ਗਿਆ ਹੈ। ਇਨ੍ਹਾਂ ਦਾ 8 ਜੂਨ ਤੋਂ ਇਸਤੇਮਾਲ ਕੀਤਾ ਜਾ ਸਕੇਗਾ। ਵਿਆਹ ’ਚ 50, ਜਦੋਂ ਕਿ ਅੰਤਿਮ ਸਸਕਾਰ ’ਚ 20 ਵਿਅਕਤੀ ਹੀ ਜਾ ਸਕਦੇ ਹਨ।
ਰੇਸਤਰਾਂ ਤੋਂ ਟੇਕਅਵੇ ਦੀ ਸਹੂਲਤ 8 ਤੋਂ
ਰੇਸਤਰਾਂ ਤੋਂ ਖਪਤਕਾਰ ਨੂੰ ਟੇਕਅਵੇ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ 8 ਜੂਨ ਤੋਂ ਇਹ ਹੁਕਮ ਲਾਗੂ ਹੋਣਗੇ। ਹੋਲਸੇਲ ਮਾਰਕੀਟ ਸੈਕਟਰ-26 ਅੱਗੇ ਵੀ ਖੁੱਲ੍ਹੀ ਰਹੇਗੀ। ਸੈਕਟਰ-17 ਦੇ ਬੱਸ ਸਟੈਂਡ ਸਥਿਤ ਮੰਡੀ ’ਚ ਸਬਜ਼ੀ ਅਤੇ ਫਲਾਂ ਦੀ ਵਿਕਰੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ।
ਚੰਡੀਗੜ੍ਹ ਤੋਂ ਜਾਣ ਲਈ ਮੂਵਮੈਂਟ ਪਾਸ ਜ਼ਰੂਰੀ
ਦੂਜੇ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਚੰਡੀਗੜ੍ਹ ’ਚ ਦਾਖਲ ਹੋਣ ਲਈ ਕਿਸੇ ਤਰ੍ਹਾਂ ਦੇ ਪਾਸ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਨੂੰ ਚੰਡੀਗੜ੍ਹ ਦੀ ਸਰਹੱਦ ’ਤੇ ਜਾਂਚ ਜ਼ਰੂਰ ਕਰਵਾਉਣੀ ਹੋਵੇਗੀ। ਉਨ੍ਹਾਂ ਨੂੰ 14 ਦਿਨ ਤੱਕ ਸੈਲਫ਼ ਮਾਨੀਟਰਿੰਗ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਵਾਸੀ ਜੇਕਰ ਦੂਜੇ ਸੂਬਿਆਂ ਨੂੰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਡੀ. ਸੀ. ਕੋਲ ਮੂਵਮੈਂਟ ਪਾਸ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਸਿਰਫ਼ ਕੰਟੇਨਮੈਂਟ ਜ਼ੋਨ ਤੋਂ ਬਾਹਰ ਦੇ ਲੋਕਾਂ ਨੂੰ ਹੀ ਆਨਲਾਈਨ ਪਾਸ ਦਿੱਤਾ ਜਾ ਸਕੇਗਾ। ਡੀ. ਐੱਮ. ਇਸ ਸਬੰਧੀ ਯੋਗਤਾ ਦੇ ਆਧਾਰ ’ਤੇ ਆਖਰੀ ਫੈਸਲਾ ਲੈਣਗੇ।
ਸਰਕਾਰੀ ਦਫ਼ਤਰ : ਸਵੇਰੇ 10 ਤੋਂ ਸ਼ਾਮ 5:30 ਵਜੇ ਤੱਕ
ਸਰਕਾਰੀ ਦਫ਼ਤਰ ਸਵੇਰੇ 10 ਤੋਂ ਸ਼ਾਮ 5:30 ਵਜੇ ਤੱਕ ਕੰਮ ਕਰਨਗੇ। ਲੰਚ ਬ੍ਰੇਕ ਇਕ ਤੋਂ ਡੇਢ ਵਜੇ ਤੱਕ ਰਹੇਗਾ। 75 ਫ਼ੀਸਦੀ ਸਟਾਫ਼ ਦੇ ਨਾਲ ਸਰਕਾਰੀ ਦਫ਼ਤਰ ਕੰਮ ਕਰਨਗੇ। 8 ਜੂਨ ਤੋਂ ਸੌ ਫ਼ੀਸਦੀ ਸਟਾਫ਼ ਨੂੰ ਲੋੜ ਪੈਣ ’ਤੇ ਮਹਿਕਮੇ ਦਾ ਮੁਖੀ ਸੱਦ ਸਕਦਾ ਹੈ। ਡਿਫੈਂਸ, ਸੁਰੱਖਿਆ ਸੇਵਾਵਾਂ, ਸਿਹਤ, ਪਰਿਵਾਰ ਭਲਾਈ, ਪੁਲਸ, ਜੇਲ, ਹੋਮਗਾਰਡ, ਸਿਵਲ ਡਿਫੈਂਸ, ਫਾਇਰ ਅਤੇ ਅਮਰਜੈਂਸ ਸੇਵਾਵਾਂ, ਡਿਜਾਸਟਰ ਮੈਨੇਜਮੈਂਟ ਅਤੇ ਸਬੰਧਤ ਸੇਵਾਵਾਂ ਜਿਵੇਂ ਐੱਨ. ਆਈ. ਸੀ., ਕਸਟਮ, ਐੱਫ. ਸੀ. ਆਈ., ਐੱਨ. ਸੀ. ਸੀ., ਐੱਨ. ਵਾਈ. ਕੇ., ਮਿਊਂਸੀਪਲ ਸੇਵਾਵਾਂ ਬਿਨਾਂ ਕਿਸੇ ਪਾਬੰਦੀ ਦੇ ਕੰਮ ਕਰਦੀਆਂ ਰਹਿਣਗੀਆਂ। ਸੈਂਟਰਲ ਗੌਰਮਿੰਟ ਦੇ ਦਫ਼ਤਰ, ਦੂਜੇ ਸੂਬਿਆਂ ਦੇ ਦਫ਼ਤਰ ਅਤੇ ਬੈਂਕ ਆਦਿ ਦਾ ਸਮਾਂ ਵੱਖ-ਵੱਖ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਇਕ ਸਮੇਂ ਸੜਕ ’ਤੇ ਜਾਮ ਨਾ ਲੱਗੇ।
ਨਿੱਜੀ ਦਫ਼ਤਰ : 75 ਫ਼ੀਸਦੀ ਸਟਾਫ਼ ਨੂੰ ਮਨਜ਼ੂਰੀ
ਪਬਲਿਕ ਪ੍ਰਸ਼ਾਸਨ ਦੇ ਅਫ਼ਸਰਾਂ ਨੂੰ ਨਿੱਜੀ ਕੰਮ ਅਤੇ ਸ਼ਿਕਾਇਤ ਲਈ ਸਵੇਰੇ 11 ਤੋਂ 12 ਵਜੇ ਤੱਕ ਅਪੁਆਇੰਟਮੈਂਟ ਦੇ ਨਾਲ ਮਿਲ ਸਕਦੇ ਹੋ। ਨਿੱਜੀ ਦਫ਼ਤਰਾਂ ਨੂੰ ਵੀ 75 ਫ਼ੀਸਦੀ ਸਟਾਫ਼ ਨਾਲ ਕੰਮ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ 8 ਜੂਨ ਤੋਂ ਸੌ ਫ਼ੀਸਦੀ ਸਟਾਫ਼ ਨੂੰ ਵੀ ਲੋੜ ਪੈਣ ’ਤੇ ਬੁਲਾ ਸਕਦੇ ਹਨ, ਬਸ਼ਰਤੇ ਦਫ਼ਤਰਾਂ ’ਚ ਰੋਜ਼ਾਨਾ ਸੈਨੀਟਾਈਜੇਸ਼ਨ ਹੋਵੇ ਅਤੇ ਸਮਾਜਿਕ ਦੂਰੀ ਦਾ ਪੂਰਾ ਪਾਲਣ ਹੋਵੇ। ਸਰਕਾਰੀ ਅਤੇ ਨਿੱਜੀ ਦਫ਼ਤਰਾਂ ਅਤੇ ਹੋਰ ਦਫਤਰਾਂ ਨੂੰ ਉਂਝ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਹੈ।
ਸੈਲੂਨ ਮਾਲਕਾਂ ਲਈ
ਸੈਲੂਨ ਖੋਲ੍ਹਣ ਦੇ ਪਹਿਲੇ ਦਿਨ ਭਾਵ ਮੰਗਲਵਾਰ ਨੂੰ ਸਿਰਫ ਸਫਾਈ ਅਤੇ ਸੈਨੀਟਾਈਜੇਸ਼ਨ ਦਾ ਕੰਮ ਕੀਤਾ ਜਾਵੇਗਾ। ਗਾਹਕ ਦੀ ਮਨਜ਼ੂਰੀ ਨਹੀਂ ਹੋਵੇਗੀ।
ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਆਉਣ ਵਾਲੇ ਦਿਨਾਂ ’ਚ ਉਹ ਕਿਵੇਂ ਕੰਮ ਕਰਨ।
ਸੈਲੂਨ ਖੋਲ੍ਹਣ ਤੋਂ ਬਾਅਦ ਟੋਕਨ ਸਿਸਟਮ ਸ਼ੁਰੂ ਕੀਤਾ ਜਾਵੇ।
ਦੋ ਸੀਟਾਂ ਵਿਚਕਾਰ ਘੱਟੋ-ਘੱਟ ਇਕ ਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ। ਛੋਟੇ ਬੂਥਾਂ ’ਚ ਇਕ ਸਮੇਂ ’ਤੇ ਦੋ ਤੋਂ ਜ਼ਿਆਦਾ ਗਾਹਕ ਦੇ ਬੈਠਣ ਦੀ ਮਨਜ਼ੂਰੀ ਨਹੀਂ ਹੈ।
ਸੈਲੂਨ ’ਚ ਦਾਖਲ ਹੋਣ ਵਾਲੇ ਸਾਰੇ ਲੋਕਾਂ ਦੀ ਥਰਮਲ ਸਕਰੀਨਿੰਗ ਕੀਤੀ ਜਾਣੀ ਚਾਹੀਦੀ ਹੈ।
ਸੈਲੂਨ ਦੇ ਦਰਵਾਜ਼ੇ ’ਤੇ ਹੈਂਡ ਸੈਨੀਟਾਈਜ਼ਰ ਰੱਖਣਾ ਅਤੇ ਇਸ ਦੀ ਵਰਤੋਂ ਲਾਜ਼ਮੀ ਹੈ।
ਹਰ ਗਾਹਕ ਲਈ ਵੱਖ ਤੌਲੀਏ ਦਾ ਇਸਤੇਮਾਲ ਕਰਨਾ ਹੋਵੇਗਾ।
ਔਜਾਰਾਂ ਦੀ ਵਰਤੋਂ ਤੋਂ ਪਹਿਲਾਂ ਅਤੇ ਬਾਅਦ ’ਚ ਸੈਨੀਟਾਈਜ਼ ਕਰਨਾ ਜ਼ਰੂਰੀ ਹੋਵੇਗਾ।


 

Babita

This news is Content Editor Babita