ਪੁਲਸ ਨੇ ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ’ਤੇ ਕੀਤੀ ਛਾਪੇਮਾਰੀ

01/12/2019 5:45:44 AM

ਫਿਲੌਰ, (ਭਾਖਡ਼ੀ)- ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਦੀ ਸ਼ਾਮਤ ਆ ਗਈ ਹੈ। ਪੁਲਸ ਨੇ ਅੱਧਾ ਦਰਜਨ ਦੁਕਾਨਾਂ ’ਤੇ ਛਾਪੇਮਾਰੀ ਕਰ ਕੇ ਚਾਈਨਾ ਡੋਰ ਦੇ 150 ਤੋਂ ਜ਼ਿਆਦਾ ਗੱਟੂ ਬਰਾਮਦ ਕਰ ਕੇ ਦੋ ਦੁਕਾਨਦਾਰਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਮਿਲੀ ਸੂਚਨਾ ਦੇ ਮੁਤਾਬਕ ਬੀਤੇ ਦਿਵਸ ਸਥਾਨਕ ਸ਼ਹਿਰ ਦੇ ਚਾਰ ਨੌਜਵਾਨ ਚਾਈਨਾ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਉਕਤ ਘਟਨਾ ’ਚ ਇਕ ਨੌਜਵਾਨ ਦਾ ਢਿੱਡ ਵੱਢਿਆ ਗਿਆ, ਇਕ ਦੀ ਗਰਦਨ ਅਤੇ ਦੋ ਦੇ ਹੱਥ ਕੱਟੇ ਗਏ ਸਨ। ਚਾਈਨਾ ਡੋਰ ਦੀ ਨਾਜਾਇਜ਼ ਵਿਕਰੀ ਨੂੰ ਸ਼ਹਿਰ ’ਚ ਬੰਦ ਕਰਵਾਉਣ ਲਈ ਅੰਬੇਡਕਰ ਸ਼ਕਤੀ ਦਲ ਪੰਜਾਬ ਦੇ ਪ੍ਰਧਾਨ ਗੋਲਡੀ ਨਾਹਰ ਨੇ ਤਹਿਸੀਲਦਾਰ ਨੂੰ ਮੰਗ-ਪੱਤਰ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਪ੍ਰਸ਼ਾਸਨ ਤੋਂ ਕਾਰਵਾਈ ਦਾ ਭਰੋਸਾ ਮਿਲਣ ਤੋਂ ਬਾਅਦ ਅੱਜ ਗੋਲਡੀ ਨਾਹਰ ਨੇ ਡੀ. ਐੱਸ. ਪੀ. ਤੇ ਥਾਣਾ ਮੁਖੀ ਜਤਿੰਦਰ ਕੁਮਾਰ ਨੂੰ ਦਰਜਨ ਭਰ ਦੁਕਾਨਦਾਰਾਂ ਦੀ ਸੂਚੀ ਸੌਂਪੀ ਜੋ ਧਡ਼ੱਲੇ ਨਾਲ ਚਾਈਨਾ ਡੋਰ ਦਾ ਨਾਜਾਇਜ਼ ਕਾਰੋਬਾਰ ਕਰ ਰਹੇ ਸਨ। ਸੂਚੀ ਮਿਲਦਿਅਾਂ ਹੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਪੁਲਸ ਪਾਰਟੀ ਸਮੇਤ ਅੱਧਾ ਦਰਜਨ ਦੇ ਕਰੀਬ ਦੁਕਾਨਾਂ ’ਤੇ ਸਰਚ ਕਰ ਕੇ ਡੇਢ ਸੌ ਤੋਂ ਜ਼ਿਆਦਾ ਚਾਈਨਾ ਡੋਰ ਦੇ ਗੱਟੂ ਜ਼ਬਤ ਕਰ ਕੇ ਦੋ ਦੁਕਾਨਦਾਰਾਂ ਵਿਰੁੱਧ ਮੁਕੱਦਮਾ ਦਰਜ ਕਰ ਦਿੱਤਾ। ਥਾਣਾ ਮੁਖੀ ਨੇ ਚਿਤਾਵਨੀ ਜਾਰੀ ਕਰ ਕੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਦੇ ਕੋਲ ਚਾਈਨਾ ਡੋਰ ਪਈ ਹੈ, ਉਨ੍ਹਾਂ ਦੇ ਕੋਲ ਹੁਣ ਵੀ ਇਕ ਮੌਕਾ ਹੈ, ਉਹ ਜਾਂ ਤਾਂ ਇਸ ਮਾਰੂ ਡੋਰ ਨੂੰ ਆਪ ਨਸ਼ਟ ਕਰ ਦੇਣ, ਨਹੀਂ ਤਾਂ ਸਖਤ ਕਾਰਵਾਈ ਲਈ ਤਿਆਰ ਰਹਿਣ। ਦੂਜੇ ਪਾਸੇ ਗੋਲਡੀ ਨਾਹਰ ਨੇ ਫਿਰ ਦੁਹਰਾਇਆ ਕਿ ਅੰਬੇਡਕਰ ਸ਼ਕਤੀ ਦਲ ਦੇ ਵਰਕਰ ਸ਼ਹਿਰ ਦੀਆਂ ਦੁਕਾਨਾਂ ’ਤੇ ਸਖਤ ਨਜ਼ਰ ਰੱਖਣਗੇ ਜੋ ਦੁਕਾਨਦਾਰ ਚੋਰ ਦਰਵਾਜ਼ਿਓਂ ਡੋਰ ਵੇਚਦਾ ਪਾਇਆ ਗਿਆ ਉਹ ਤੁਰੰਤ ਉਸ ਦੁਕਾਨ ਦਾ ਘਿਰਾਓ ਕਰ ਕੇ ਪੁਲਸ ਨੂੰ ਸੂਚਿਤ ਕਰਨਗੇ।

KamalJeet Singh

This news is Content Editor KamalJeet Singh