ਸ਼੍ਰੋਮਣੀ ਕਮੇਟੀ ਗੁਰਸਿੱਖ ਕਬੱਡੀ ਖਿਡਾਰੀਆਂ ਲਈ ਨਵੀਆਂ ਅਕੈਡਮੀਆਂ ਦੀ ਸਥਾਪਨਾ ਕਰੇਗੀ: ਲੌਂਗੋਵਾਲ

01/08/2020 12:05:08 PM

ਫਤਿਹਗੜ੍ਹ ਸਾਹਿਬ (ਜਗਦੇਵ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਕਬੱਡੀ ਖਿਡਾਰੀਆਂ ਲਈ ਨਵੀਆਂ ਅਕੈਡਮੀਆਂ ਦੀ ਸਥਾਪਨਾ ਕੀਤੀ ਜਾਵੇਗੀ ਤਾਂ ਜੋ ਵਧੀਆ ਖਿਡਾਰੀਆਂ ਦੀ ਚੋਣ ਕਰ ਕੇ ਕਬੱਡੀ ਖੇਡ ਨੂੰ ਵਿਸ਼ਵ 'ਚ ਪ੍ਰਫੁੱਲਤ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਮੈਦਾਨ 'ਚ ਕਰਵਾਏ ਗਏ ਵਿਸ਼ਾਲ ਕਬੱਡੀ ਕੱਪ 'ਚ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਉਪਰੰਤ ਕੀਤਾ। ਭਾਈ ਲੌਂਗੋਵਾਲ ਨੇ ਕਿਹਾ ਕਿ ਗੁਰਸਿੱਖ ਖਿਡਾਰੀਆਂ ਨੂੰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਕੋਚਿੰਗ ਦੇਵੇਗੀ ਤਾਂ ਜੋ ਵਧੀਆ ਖਿਡਾਰੀ ਕਬੱਡੀ ਖੇਡ ਨਾਲ ਜੁੜ ਸਕਣ।

ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ 'ਚ 8 ਵੱਖ-ਵੱਖ ਅਕੈਡਮੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਕਬੱਡੀ ਕੱਪ 'ਚ ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ ਨੇ ਪਹਿਲਾ ਸਥਾਨ ਜਦਕਿ ਸ਼੍ਰੋਮਣੀ ਕਮੇਟੀ (ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਬੱਡੀ ਅਕੈਡਮੀ ਫਤਿਹਗੜ੍ਹ ਸਾਹਿਬ) ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਜੇਤੂ ਟੀਮਾਂ ਨੂੰ ਕ੍ਰਮਵਾਰ 1 ਲੱਖ ਅਤੇ 75 ਹਜ਼ਾਰ ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਕਬੱਡੀ ਕੱਪ 'ਚ 8 ਟੀਮਾਂ 'ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਕਬੱਡੀ ਅਕੈਡਮੀ ਫਤਿਹਗੜ੍ਹ ਸਾਹਿਬ, ਕਬੱਡੀ ਕਲੱਬ ਘੁਗਸ਼ੇਰ, ਸੰਤ ਈਸਰ ਸਿੰਘ ਰਾੜਾ ਸਾਹਿਬ ਦੇ ਨਾਲ ਦਸਮੇਸ਼ ਕਬੱਡੀ ਕਲੱਬ ਕਾਲਖ, ਬੈਦਵਾਨ ਮੋਲੀ ਕਲੱਬ, ਅਮਨ ਅੰਬੀ ਕਲੱਬ ਹਠੂਰ ਮੋਲੀ, ਸੁਖਚੈਨਆਣਾ ਸਾਹਿਬ ਕਬੱਡੀ ਕਲੱਬ ਫਗਵਾੜਾ, ਚੜ੍ਹਦੀ ਕਲਾ ਕਲੱਬ ਜਲੰਧਰ ਅਤੇ ਜੋਬਨ ਕਲੱਬ ਗੁਰਦਾਸਪੁਰ ਯੂ. ਐੱਸ. ਏ. ਦੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਨੇ ਆਪਣੇ ਜੌਹਰ ਦਿਖਾਏ।

ਇਸ ਮੌਕੇ ਬੀਬੀ ਕੁਲਦੀਪ ਕੌਰ ਟੌਹੜਾ, ਜਗਦੀਪ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਅਵਤਾਰ ਸਿੰਘ, ਰਵਿੰਦਰ ਸਿੰਘ ਖਾਲਸਾ, ਸਤਵਿੰਦਰ ਸਿੰਘ ਟੌਹੜਾ, ਬੀਬੀ ਰਣਜੀਤ ਕੌਰ, ਸੁਰਜੀਤ ਸਿੰਘ ਗੜ੍ਹੀ, ਜਥੇ. ਸਵਰਨ ਸਿੰਘ ਚਨਾਰਥਲ, ਬੀਬੀ ਸਤਵਿੰਦਰ ਕੌਰ ਧਾਰੀਵਾਲ, ਬਲਜੀਤ ਸਿੰਘ ਭੁੱਟਾ, ਕਬੱਡੀ ਪ੍ਰੇਮੀ ਦਿਲਮੇਘ ਸਿੰਘ ਖੱਟੜਾ, ਮਨਜੀਤ ਸਿੰਘ ਇੰਚਾਰਜ ਵਿੱਦਿਆ ਸ਼੍ਰੋਮਣੀ ਕਮੇਟੀ ਸਮੇਤ ਹੋਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।


Shyna

Content Editor

Related News