ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਪੰਥ ਦੀ ਵਿਰਾਸਤ ‘ਗੁਰੂ ਰਾਮ ਦਾਸ ਸਰਾਂ’ ਨੂੰ ਢਾਹੁਣ ਦਾ ਫੈਸਲਾ ਮੰਦਭਾਗਾ ਤੇ ਪੰਥ ਵਿਰੋਧੀ : ਪ੍ਰੋ. ਬਡੂੰਗਰ

08/11/2021 1:17:34 PM

ਫਤਿਹਗੜ੍ਹ ਸਾਹਿਬ (ਜਗਦੇਵ): ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਵਿਰਾਸਤੀ ਇਮਾਰਤਾਂ ਨਾ ਢਾਹੁਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਲਿਖਿਆ ਹੈ। ਪ੍ਰੋ. ਬਡੂੰਗਰ ਨੇ ਪੱਤਰ ’ਚ ਲਿਖਿਆ ਕਿ ਸਮੁੱਚੇ ਪੰਥ ਦੀ ਵਿਰਾਸਤ ‘ਗੁਰੂ ਰਾਮ ਦਾਸ ਸਰਾਂ’ ਨੂੰ ਢਾਹੁਣ ਦਾ ਮੰਦਭਾਗਾ ਅਤੇ ਪੰਥ ਵਿਰੋਧੀ ਫੈਸਲਾ ਕੀਤਾ ਗਿਆ ਹੈ ਅਤੇ ਇਸ ਬੇਲੜੇ ਕਾਰਜ ਦੀ ਜ਼ਿੰਮੇਵਾਰੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਤੁਸੀਂ ਨਿਰਸੰਦੇਹ ਪੰਧ ਦੇ ਵੱਡੇ ਵਿਦਵਾਨ ਹੋ ਅਤੇ ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਤੁਹਾਨੂੰ ਪੰਥ ਦੀ ਸਰਬ-ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਜ਼ਿੰਮੇਵਾਰੀ ਪੰਥਕ ਮਰਿਆਦਾ, ਸਿਧਾਂਤ ਜੋ ਮੀਰੀ-ਪੀਰੀ ਦੇ ਮਾਲਕ, ਦਲਭੰਜਨ ਗੁਰੂ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਨੇ ਉਸੇ ਤਰ੍ਹਾਂ ਨੀਅਤ ਕੀਤੇ ਜਿਸ ਤਰ੍ਹਾਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ-ਸਿਧਾਂਤ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨੀਅਤ ਕੀਤੇ ਸਨ ਅਤੇ ਉਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਸਿਧਾਂਤ ਅਤੇ ਮਰਿਆਦਾ ਨੀਅਤ ਕੀਤੀ ਗਈ।

ਇਸ ਪਰੀਪੇਖ ’ਚ ਉਹ ਪੰਥ ਦੇ ਛੋਟੇ ਜਿਹੇ ਅਤੇ ਨਿਮਾਣੇ ਸੇਵਕ ਹੋਣ ਦੇ ਨਾਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਮੁੱਚੇ ਪੰਥ ਦੀ ਵਿਰਾਸਤੀ ਇਮਾਰਤ ਗੁਰੂ ਰਾਮਦਾਸ ਸਰਾਂ ਨੂੰ ਢਾਹੁਣ ਦੀ ਗੈਰ-ਪੰਥਕ ਗੈਰ-ਜ਼ਰੂਰੀ ਕਾਰਵਾਈ ਕਰਨ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਸ਼੍ਰੋਮਣੀ ਕਮੇਟੀ ਪੰਜਾਬ ਸਿੱਖ ਗੁਰਦੁਆਰਾ ਐਕਟ 1925 ਅਧੀਨ ਗਠਿਤ ਸੰਸਥਾ ਹੈ, ਜਿਸ ਨੂੰ ਸਿਰਫ ਅਤੇ ਸਿਰਫ ਗੁਰੂ ਘਰਾਂ ਅਤੇ ਗੁਰੂ ਘਰ ਨਾਲ ਸਬੰਧਤ ਹੋਰ ਸਾਰੀਆਂ ਸੰਸਥਾਵਾਂ ਦੀ ਸੇਵਾ-ਸੰਭਾਲ ਤਥਾਂ ਪ੍ਰਬੰਧ ਲਈ ਹੀ ਨੀਅਤ ਕੀਤਾ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੂੰ ਵੀ ਅਜਿਹਾ ਕੋਈ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਪਾਸ ਤਾਂ ਪਵਿੱਤਰ ਗੁਰਧਾਮਾਂ ਦੀ ਨਿਸ਼ਚਿਤ ਮਰਿਆਦਾ ਅਨੁਸਾਰ ਸੇਵਾ ਸੰਭਾਲ ਦਾ ਹੀ ਅਧਿਕਾਰ ਹੈ। ਜੇਕਰ ਅਜਿਹਾ ਕੋਈ ਵਿਚਾਰ ਹੈ ਹੀ ਤਾਂ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ, ਦਮਦਮੀ ਟਕਸਾਲ, ਨਿਰਮਲੇ, ਉਦਾਸੀ ਸਦਾਵਾਂ, ਢਾਡੀ ਸਭਾਵਾਂ, ਰਾਗੀ ਅਤੇ ਕੀਰਤਨੀ ਜਥੇ, ਸੰਤਾਂ-ਮਹਾਪੁਰਸ਼ਾਂ ਅਤੇ ਸਾਰੀਆਂ ਹੀ ਸਿੱਖ ਸੰਸਥਾਵਾਂ, ਸਿੱਖ ਸੰਪ੍ਰਦਾਵਾਂ ਦੀ ਇਕ ਵਿਸ਼ੇਸ਼ ਇਕੱਤਰਤਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਅਤੇ ਪੰਜਾਂ ਤਖਤ ਸਾਹਿਬਾਨ ਪੰਜ ਸਿੰਘ ਸਾਹਿਬਾਨ ਦੀ ਸ਼ਮੂਲੀਅਤ ਅਤੇ ਦੇਸ਼-ਵਿਦੇਸ਼ ’ਚ ਭਾਰੀ ਗਿਣਤੀ ’ਚ ਵਸਦੀ ਸਿੱਖ ਸੰਗਤ ਵੱਲੋਂ ਕਾਰਜਸ਼ੀਲ ਸੰਸਥਾਵਾਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਨਾਲ ਇਕ ਵਿਸ਼ੇਸ਼ ਇਕੱਤਰਤਾ ਸੱਦ ਕੇ ਵਿਚਾਰ-ਚਰਚਾ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਹੁਕਮਨਾਮਾ ਪ੍ਰਾਪਤ ਕਰ ਕੇ ਹੀ ਕੋਈ ਫੈਸਲਾ ਲਿਆ ਜਾਣਾ ਚਾਹੀਦਾ ਹੈ।


Shyna

Content Editor

Related News