ਜੋ ਮੁੱਖ ਮੰਤਰੀ ਆਪਣੇ ਵਿਧਾਇਕਾਂ-ਮੰਤਰੀਆਂ ਨੂੰ ਨਹੀਂ ਮਿਲਦਾ ਲੋਕਾਂ ਦਾ ਕੀ ਸੰਵਾਰੇਗਾ: ਬਾਬਾ ਟੇਕ ਧਨੌਲਾ

01/09/2021 3:56:58 PM

ਤਪਾ ਮੰਡੀ (ਸ਼ਾਮ,ਗਰਗ): ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਅੰਦਰ ਨਗਰ ਕੌਂਸਲ ਦੀਆਂ ਚੋਣਾਂ ਅੰਦਰ ਬਹੁਮੱਤ ਹਾਸਲ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਬਰਨਾਲਾ ਤੋਂ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹ ਤਪਾ ਮੰਡੀ ਵਿਖੇ ਨਗਰ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਨਾਲ ਗੱਲਬਾਤ ਕਰਨ ਲਈ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ।

ਕਿਉਂਕਿ ਬੀਤੇ ਚਾਰ ਸਾਲਾਂ ਦੌਰਾਨ ਪੰਜਾਬ ਵਿਕਾਸ ਦੀਆਂ ਲੀਹਾਂ ਤੋਂ ਲਾਏ ਚੁੱਕਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਵੀ ਮਹਾਰਾਜਿਆਂ ਵਾਂਗ ਆਪਣੇ ਮਹਿਲਾਂ ’ਚੋਂ ਬਾਹਰ ਨਹੀਂ ਨਿਕਲ ਰਹੇ ਜੋ ਵਿਅਕਤੀ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਨਹੀਂ ਮਿਲ ਸਕਦਾ ਉਹ ਆਮ ਲੋਕਾਂ ਦੀ ਗੱਲ ਕਿੱਥੋਂ ਸੁਣੇਗਾ। ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦਿਆਂ ਧਨੌਲਾ ਨੇ ਕਿਹਾ ਕਿ ਮੋਦੀ ਸਰਕਾਰ  ਵਲੋਂ ਅਪਣਾਇਆ ਜਾ ਰਿਹਾ ਤਾਨਾਸ਼ਾਹ ਰਵੱਈਆ ਬੇਹੱਦ ਨਿੰਦਣਯੋਗ ਹੈ ਕਿਉਂਕਿ ਅੰਨਦਾਤਾ ਦਿੱਲੀ ਦੀਆਂ ਸੜਕਾਂ ਤੇ ਰੁਲ ਰਿਹਾ ਹੈ ਪਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਨ੍ਹਾਂ ਗੱਲਾਂ ਦਾ ਕੋਈ ਫ਼ਰਕ ਨਹੀਂ ਪੈਂਦਾ ਉਹ ਹਿਟਲਰ ਵਾਂਗ ਆਪਣੀ ਅੜੀ ’ਤੇ ਅੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਦਾ ਰਖਵਾਲਾ ਅਸਲੀ ਸ਼ਾਸਕ ਉਹੋ ਹੀ ਹੁੰਦਾ ਹੈ ਜੋ ਆਮ ਲੋਕਾਂ ਦੀ ਗੱਲ ਸੁਣੇ ਅਤੇ ਆਪਣੇ ਮੁਲਕ ਦੇ ਵਾਸੀਆਂ ਦੇ ਫ਼ਾਇਦੇ ਲਈ ਕਾਨੂੰਨ ਬਣਾਏ। ਇਹ ਨਹੀਂ ਕਿ ਚੰਦ ਕਾਰਪੋਰੇਟ ਘਰਾਣਿਆਂ ਲਈ ਕਾਨੂੰਨ ਬਣਾ ਕੇ ਪੂਰੇ ਦੇਸ਼ ਨੂੰ ਬਿਪਤਾ ਵਿੱਚ ਪਾ ਦੇਵੇ। ਅਖੀਰ ’ਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਤੱਕੜੀ ਦੇ ਚੋਣ ਨਿਸ਼ਾਨ ’ਤੇ ਹੀ ਨਗਰ ਕੌਂਸਲ ਦੀਆਂ ਚੋਣਾਂ ਲੜਕੇ ਬਹੁਮਤ ਹਾਸਲ ਕਰਨਗੇ। ਇਸ ਮੌਕੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਰਾਹੀ, ਗੁਰਦੀਪ ਸਿੰਘ,ਗੁਰਜੀਤ ਸਿੰਘ ਸਾਬਕਾ ਸਰਪੰਚ,ਬਲਜੀਤ ਧਨੋਲਾ,ਸਰਵਜੀਤ ਸਿੰਘ ਪੀਏ ਧਨੌਲਾ,ਗੁਰਮੇਲ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News