ਆਪਣੀ ਸਾਖ ਬਚਾਉਣ ਲਈ ਢੀਂਡਸਾ ਪਰਿਵਾਰ ਲਗਾ ਰਿਹੈ ਦੋਸ਼ : ਖਡਿਆਲ

01/29/2020 5:37:37 PM

ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਨਰਜੀਤ ਸਿੰਘ ਖਡਿਆਲ ਨੇ ਢੀਂਡਸਾ ਪਰਿਵਾਰ ਵਲੋਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਵੋਟਾਂ ਵਿਚ ਹਰਾਉਣ ਅਤੇ ਵਿਰੋਧ ਕਰਨ ਦੀਆਂ ਗੱਲਾਂ ਨੂੰ ਅਧਾਰਹੀਨ ਅਤੇ ਝੂਠ ਦਾ ਪੁਲੰਦਾ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਤੋਂ ਉਹ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਹਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਿੱਜੀ ਤੌਰ 'ਤੇ ਵਿਚਰਦੇ ਆ ਰਹੇ ਹਨ, ਅੱਜ ਤੱਕ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ਦੇ ਵਿਰੋਧ ਦੀ ਗੱਲ ਤਾਂ ਕੀ ਕਰਨੀ ਸਗੋਂ ਜੇ ਕੋਈ ਹੋਰ ਢੀਂਡਸਾ ਪਰਿਵਾਰ ਦੀ ਜਾਂ ਉਨ੍ਹਾਂ ਦੇ ਨਾਲ ਵਾਲਿਆਂ ਵਲੋਂ ਜ਼ਿਲੇ ਵਿਚ ਕੀਤੀਆਂ ਵਧੀਕੀਆਂ ਬਾਰੇ ਗੱਲ ਕਰਦਾ ਤਾਂ ਵੀ ਬਾਦਲ ਪਰਿਵਾਰ ਨੇ ਹਮੇਸ਼ਾ ਢੀਂਡਸਾ ਪਰਿਵਾਰ ਦਾ ਸਾਥ ਦਿੱਤਾ। ਖਡਿਆਲ ਨੇ ਕਿਹਾ ਕਿ ਭਾਵੇਂ ਚੋਣ ਵਿਧਾਇਕੀ ਦੀ ਹੋਵੇ ਜਾਂ ਐੱਮ. ਪੀ. ਹੋਈ ਸੁਖਬੀਰ ਬਾਦਲ ਨੇ ਹਮੇਸ਼ਾ ਢੀਂਡਸਾ ਪਰਿਵਾਰ ਦੀ ਡੱਟ ਕੇ ਮੱਦਦ ਕੀਤੀ।

ਉਨ੍ਹਾਂ ਦੱਸਿਆ ਕਿ ਸੁਖਬੀਰ ਬਾਦਲ ਨਾਲ ਜਦੋਂ ਢੀਂਡਸਾ ਦੇ ਦੋਸ਼ਾਂ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਇਕੋ ਜਵਾਬ ਦਿੱਤਾ ਕਿ ਉਹ ਪਾਰਟੀ ਪ੍ਰਧਾਨ ਹਨ ਅਤੇ ਪਾਰਟੀ ਪ੍ਰਧਾਨ ਆਪਣੇ ਲੀਡਰ ਦੀ ਵਿਰੋਧਤਾ ਬਾਰੇ ਕਿਵੇਂ ਸੋਚ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਸੰਗਰੂਰ ਜ਼ਿਲੇ ਦੀ ਛੋਟੀ ਤੋਂ ਲੈ ਕੇ ਵੱਡੀ ਅਹੁਦੇਦਾਰੀ, ਪਾਰਟੀ ਟਿਕਟਾਂ ਢੀਂਡਸਾ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਮਨਜ਼ੂਰ ਨਹੀਂ ਹੋਈਆਂ। ਅੱਗੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸੰਗਰੂਰ 'ਚ ਪਾਰਟੀ ਵਿਚ ਉਹੀ ਲੀਡਰ ਰਹਿ ਸਕਦਾ ਸੀ ਜਿਸ ਨੂੰ ਢੀਂਡਸਾ ਪਰਿਵਾਰ ਮਨਜ਼ੂਰੀ ਦਿੰਦਾ ਸੀ, ਇਥੋਂ ਤੱਕ ਕਿ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਸੰਗਰੂਰ ਵਿਚ ਆਉਣਾ ਹੁੰਦਾ ਸੀ ਤਾਂ ਢੀਂਡਸਾ ਪਰਿਵਾਰ ਫੈਸਲਾ ਦਿੰਦਾ ਸੀ ਕਿ ਕਿੱਥੇ ਜਾਣਾ ਤੇ ਕਿੱਥੇ ਨਹੀਂ। ਕਈ ਵਾਰ ਤਾਂ ਇਹ ਵੀ ਹੁੰਦਾ ਰਿਹਾ ਕਿ ਵਰਕਰਾਂ ਦੀਆਂ ਰੋਟੀਆਂ ਤੇ ਚਾਹਾਂ ਤਿਆਰ ਕੀਤੀਆਂ ਕਰਾਈਆਂ ਰਹਿ ਜਾਂਦੀਆਂ ਤੇ ਢੀਂਡਸਾ ਪਰਿਵਾਰ ਦੇ ਕਹਿਣ 'ਤੇ ਸੁਖਬੀਰ ਸਿੰਘ ਬਾਦਲ ਨੂੰ ਗਲੀ ਦੇ ਮੋੜ ਤੋਂ ਵਾਪਿਸ ਮੁੜਨਾ ਪੈਂਦਾ। ਅਕਾਲੀ ਦਲ 'ਚ ਜੋ ਮਾਣ ਸਤਿਕਾਰ ਢੀਂਡਸਾ ਪਰਿਵਾਰ ਨੂੰ ਮਿਲਿਆ ਉਹ ਨਾ ਕਿਸੇ ਨੂੰ ਮਿਲਿਆ ਤੇ ਨਾ ਹੀ ਮਿਲ ਸਕਦਾ ਹੈ। ਢੀਂਡਸਾ ਪਰਿਵਾਰ ਸਿਰਫ ਅਪਣੀ ਸਾਖ ਬਚਾਉਣ ਲਈ ਬੇਬੁਨਿਆਦ ਇਲਜ਼ਾਮ ਲਾ ਰਿਹਾ ਹੈ।


Gurminder Singh

Content Editor

Related News