ਘੁਮਿਆਰਾਂ ਨੂੰ ਇਸ ਵਾਰ ਦੀਵਾਲੀ ਮੌਕੇ ਦੀਵੇ ਵਿਕਣ ਦੀ ਆਸ

10/18/2019 12:46:10 PM

ਸ਼ੇਰਪੁਰ (ਅਨੀਸ਼) : ਤਿਉਹਾਰਾਂ ਦੇ ਇਨ੍ਹਾਂ ਦਿਨਾਂ 'ਚ ਨਰਾਤਿਆਂ ਅਤੇ ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਹੁਣ ਕਰਵਾਚੌਥ ਅਤੇ ਸਾਲ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੀਆਂ ਤਿਆਰੀਆਂ ਜ਼ੋਰ ਫੜਨ ਲੱਗੀਆਂ ਹਨ, ਜਿੱਥੇ ਲੋਕ ਆਪੋ-ਆਪਣੇ ਘਰਾਂ ਅਤੇ ਦੁਕਾਨਾਂ ਦੀ ਸਾਫ਼-ਸਫ਼ਾਈ 'ਚ ਰੁਝੇ ਹੋਏ ਹਨ ਉੱਥੇ ਬਾਜ਼ਾਰਾਂ 'ਚ ਵੱਖੋਂ-ਵੱਖ ਸਮੱਗਰੀ ਨਾਲ ਭਰੀਆਂ ਦੁਕਾਨਾਂ ਸਜਣ ਲੱਗੀਆਂ ਹਨ। ਦੀਵਿਆਂ ਦੇ ਇਸ ਤਿਉਹਾਰ ਨਾਲ ਘੁਮਿਆਰਾਂ ਦੀ ਵੀ ਗੂੜ੍ਹੀ ਸਾਂਝ ਹੈ। ਉਹ ਵੀ ਆਪੋ-ਆਪਣੇ ਘਰਾਂ 'ਚ ਦੀਵਿਆਂ ਨੂੰ ਬਣਾਉਣ ਦੇ ਕੰਮ 'ਚ ਲੱਗੇ ਹੋਏ ਹਨ। ਜਦੋਂ ਦਾ ਚਾਈਨਾ ਦੇ ਸਜਾਵਟੀ ਸਾਮਾਨ ਖ਼ਿਲਾਫ਼ ਇਕ ਮਾਹੌਲ ਬਣਿਆ ਹੈ, ਉਦੋਂ ਤੋਂ ਹੀ ਦੀਵਾਲੀ 'ਤੇ ਇਨ੍ਹਾਂ ਦੇ ਹੱਥ ਨਾਲ ਬਣੇ ਮਿੱਟੀ ਦੇ ਦੀਵਿਆਂ ਅਤੇ ਹੋਰ ਸਾਮਾਨ ਦੀ ਆਮਦਨ 'ਚ ਕੁਝ ਮੁਨਾਫ਼ਾ ਹੋਇਆ ਹੈ।

ਮਿੱਟੀ ਦੇ ਦੀਵੇ ਬਣਾਉਣ ਵਾਲੇ ਕਾਰੀਗਰਾਂ ਨੇ ਦੱਸਿਆ ਕਿ ਦੀਵਾਲੀ ਆਉਂਦੇ ਹੀ ਪੂਰੇ ਪਰਿਵਾਰ ਦੇ ਸਹਿਯੋਗ ਨਾਲ ਦੀਵੇ ਅਤੇ ਹੋਰ ਸਾਮਾਨ ਬਣਾਇਆ ਜਾਂਦਾ ਹੈ ਪਰ ਮਿੱਟੀ ਨਾਲ ਮਿੱਟੀ ਹੋ ਕੇ ਉਸ ਨੂੰ ਵੱਖੋ-ਵੱਖ ਰੂਪ ਦੇਣ ਵਾਲਿਆਂ 'ਤੇ ਸ਼ਾਇਦ ਧਨ ਲੱਛਮੀ ਮਿਹਰਬਾਨ ਨਹੀਂ। ਇਸ ਕਰਕੇ ਬਹੁਤੇ ਘੁਮਿਆਰਾਂ ਨੇ ਤਾਂ ਇਸ ਜੱਦੀ ਪੁਸ਼ਤੀ ਧੰਦੇ ਤੋਂ ਮੁੱਖ ਮੋੜ ਲਿਆ ਹੈ, ਕਿਉਂਕਿ ਸ਼ਗਨ ਵਜੋਂ ਹੀ ਦੀਵਾਲੀ ਦੇ ਦਿਨ ਲੋਕ ਪੰਜ-ਪੰਜ ਦੀਵੇ ਘਰਾਂ 'ਚ ਬਾਲਦੇ ਹਨ, ਜਿੱਥੇ ਇਲੈਕਟ੍ਰੋਨਿਕ ਰੰਗ-ਬਰੰਗੀਆਂ ਲੜੀਆਂ ਅਤੇ ਮੋਮਬੱਤੀਆਂ ਨੇ ਇਸ ਜੱਦੀ ਪੁਸ਼ਤੀ ਧੰਦੇ ਨੂੰ ਸੱਟ ਮਾਰੀ ਹੈ, ਉੱਥੇ ਹੀ ਹੁਣ ਦੀਵੇ ਅਤੇ ਘੜੇ ਬਣਾਉਣ ਲਈ ਮਿੱਟੀ ਵੀ ਬੜੀ ਮੁਸ਼ਕਲ ਨਾਲ ਮਿਲਦੀ ਹੈ। ਜਿਨ੍ਹਾਂ ਆਮ ਲੋਕਾਂ ਨੂੰ ਸਾਲ ਦੇ ਇਸ ਵੱਡੇ ਤਿਉਹਾਰ ਦੀਵਾਲੀ ਦਾ ਚਾਅ ਹੁੰਦਾ ਹੈ, ਘੁਮਿਆਰ ਜਾਤੀ ਨੇ ਵੀ ਉਸ ਤੋਂ ਵੱਧ ਕਿਤੇ ਆਸਾਂ ਲਾਈਆਂ ਹੁੰਦੀਆਂ ਹਨ, ਕਿਉਂਕਿ ਇਸ ਤਿਉਹਾਰ ਕਰਕੇ ਹੀ ਇਨ੍ਹਾਂ ਦੀ ਕੁਝ ਕੁ ਮਹੀਨਿਆਂ ਦੀ ਰੋਜ਼ੀ ਰੋਟੀ ਚੱਲਦੀ ਰਹਿੰਦੀ ਹੈ। ਇਨ੍ਹਾਂ ਦਾ ਇਹ ਜੱਦੀ ਪੁਸ਼ਤੀ ਕੰਮ ਇਸ ਤਿਉਹਾਰ ਕਰਕੇ ਹੀ ਕੁਝ ਜਿਊਂਦਾ ਹੈ। ਕਾਰੀਗਰਾਂ ਨੇ ਦੱਸਿਆ ਕਿ ਇਸ ਵਾਰ ਪੂਰੀ ਉਮੀਦ ਹੈ ਕਿ ਦੀਵਿਆਂ ਦੀ ਕੁਝ ਚੰਗੀ ਵਿਕਰੀ ਹੋਵੇਗੀ ਕਿਉਂਕਿ ਪਿਛਲੇ ਦੋ-ਤਿੰਨ ਸਾਲਾਂ ਤੋਂ ਚਾਈਨਾ ਦੇ ਬਣੇ ਸਾਮਾਨ ਦਾ ਲੋਕ ਵਿਰੋਧ ਕਰ ਰਹੇ ਹਨ ਪਰ ਅਸਲ ਸੱਚਾਈ ਇਹ ਹੈ ਕਿ ਦੀਵਾਲੀ ਅਤੇ ਗਰਮੀ ਦੇ ਸੀਜ਼ਨ 'ਚ ਹੀ ਇਨ੍ਹਾਂ ਦੇ ਹੱਥ ਨਾਲ ਬਣੇ ਭਾਂਡਿਆਂ ਅਤੇ ਦੀਵਿਆਂ ਦੀ ਥੋੜ੍ਹੀ ਬਹੁਤੀ ਮੰਗ ਜ਼ਰੂਰ ਹੁੰਦੀ ਹੈ ਪਰ ਬਾਕੀ ਦੇ ਦਿਨਾਂ 'ਚ ਤਾਂ ਇਨ੍ਹਾਂ ਨੂੰ ਮਜ਼ਦੂਰੀ ਕਰ ਕੇ ਹੀ ਪਰਿਵਾਰ ਪਾਲਣਾ ਪੈਂਦਾ ਹੈ।


cherry

Content Editor

Related News