ਸੂਬਾ ਤੇ ਕੇਂਦਰ ਸਰਕਾਰ ਹਰ ਫਰੰਟ ''ਤੇ ਫੇਲ : ਹਰਪਾਲ ਚੀਮਾ

01/06/2020 5:29:24 PM

ਸ਼ੇਰਪੁਰ (ਸਿੰਗਲਾ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਤਾਜ਼ਾ ਹਾਲਤਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਸੂਬਾ ਅਤੇ ਕੇਂਦਰ ਸਰਕਾਰ ਨੂੰ ਹਰ ਫਰੰਟ 'ਤੇ ਫੇਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਵੀ ਪੰਜਾਬ ਨੂੰ ਮਾਫੀਆ ਚਲਾ ਰਿਹਾ ਸੀ ਅਤੇ ਹੁਣ ਵੀ ਮਾਫੀਆ ਉਸੇ ਤਰ੍ਹਾਂ ਦੇ ਨਾਲ ਪੰਜਾਬ 'ਤੇ ਭਾਰੂ ਹੈ। ਭ੍ਰਿਸ਼ਟਾਚਾਰ ਚਰਮ ਸੀਮਾ ਦੇ ਸਿਖਰ 'ਤੇ ਹੈ। ਸਰਕਾਰੀ ਅਦਾਰਿਆਂ ਵਿਚ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਲੁੱਟ ਦਾ ਸ਼ਿਕਾਰ ਹੋਣਾ ਹੋਣਾ ਪੈ ਰਿਹਾ ਹੈ। ਕਾਂਗਰਸ ਸਰਕਾਰ ਦੇ ਆਪਣੇ ਵਿਧਾਇਕ ਵੀ ਭ੍ਰਿਸ਼ਟਾਚਾਰ ਦੀਆਂ ਪਰਤਾਂ ਨੂੰ ਖੋਲ ਚੁੱਕੇ ਹਨ।ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕਰਕੇ ਵਿਖਾਇਆ ਹੈ ਅਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਵੀ ਕਰੋੜਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਮਹਿੰਗਾਈ 'ਤੇ ਕਾਬੂ ਪਾਉਣ ਵਰਗੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸਨ, ਜਦਕਿ ਅਜਿਹਾ ਕੁੱਝ ਨਹੀਂ ਹੋਇਆ।

ਉਨ੍ਹਾਂ ਅੱਗੇ ਕਿਹਾ ਕਿ ਜਦੋਂ ਤੋਂ ਸੂਬੇ ਵਿਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿਚ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਲਗਤਾਰ 12ਵੀਂ ਵਾਰ ਬਿਜਲੀ ਦਰਾਂ ਵਿਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਸ ਦਾ ਡਟਵਾਂ ਵਿਰੋਧ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ। ਚੀਮਾ ਨੇ ਬਿਜਲੀ ਦਰਾਂ ਦੇ ਵਾਧੇ ਦੇ ਵਿਰੋਧ ਵਿਚ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਕਰਨ ਲਈ ਉਲੀਕੇ ਪ੍ਰੋਗਰਾਮ ਵਿਚ ਵੱਧ ਤੋਂ ਵੱਧ 'ਆਪ' ਵਰਕਰਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।

ਇਸ ਦੌਰਾਨ ਚੀਮਾ ਨੇ ਪਾਕਿਸਤਾਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਅਤੇ ਇਕ ਸਿੱਖ ਨੌਜਵਾਨ ਦੇ ਕਤਲ ਮਾਮਲੇ ਨੂੰ ਮੰਦਭਾਗਾ ਦੱਸਦਿਆਂ ਪਾਕਿਸਤਾਨ ਸਰਕਾਰ ਨੂੰ ਦੋਸ਼ੀਆਂ ਖਿਲਾਲ ਸਖਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਰਾਜਵੰਤ ਸਿੰਘ ਘੁੱਲੀ, ਪਰਮਿੰਦਰ ਸਿੰਘ ਪੁਨੂੰ ਕਾਤਰੋਂ 'ਆਪ' ਆਗੂ ਪੰਜਾਬ, ਜੈਲਦਾਰ ਅਮਰੀਕ ਸਿੰਘ ਬਾਗੜੀ ਆਦਿ ਹਾਜ਼ਰ ਸਨ।


cherry

Content Editor

Related News