ਕਰੋੜਾਂ ਦੀ ਨਕਦੀ ATM ''ਚ ਪਈ ਰਹਿੰਦੀ ਹੈ ਰੱਬ ਸਹਾਰੇ ਨਹੀਂ ਰੱਖੇ ਸੁਰੱਖਿਆ ਗਾਰਡ

01/06/2020 10:58:38 AM

ਸ਼ੇਰਪੁਰ (ਸਿੰਗਲਾ) : ਦਿਨੋ-ਦਿਨ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਲਈ ਕਿਤੇ ਨਾ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਹੁੰਦੇ ਹਾਂ ਕਿਉਂਕਿ ਜਦੋਂ ਕਰੋੜਾਂ ਦੀ ਰਾਸ਼ੀ ਰੱਬ ਆਸਰੇ ਛੱਡ ਦਿੱਤੀ ਜਾਵੇ ਤਾਂ ਚੋਰੀ ਅਤੇ ਲੁੱਟ ਦੀਆਂ ਘਟਨਾਵਾਂ ਦਾ ਵਾਪਰਨਾ ਕੋਈ ਹੈਰਾਨੀ ਵਾਲੀ ਗੱਲ ਨਹੀਂ। ਕਸਬਾ ਸ਼ੇਰਪੁਰ ਅਤੇ ਨਾਲ ਲੱਗਦੇ ਪਿੰਡਾਂ 'ਚ ਬੈਂਕਾਂ ਅਤੇ ਏ. ਟੀ. ਐੱਮਜ਼ ਲੁੱਟਣ ਦੀਆਂ 2 ਕੋਸ਼ਿਸ਼ਾਂ ਹੋ ਚੁੱਕੀਆਂ ਹਨ ਅਤੇ ਪਿੰਡ ਫਤਿਹਗੜ੍ਹ ਪੰਜਗਰਾਈਆਂ 'ਚ ਤਾਂ ਏ. ਟੀ. ਐੱਮ. ਨੂੰ ਲੁੱਟ ਕੇ ਅਣਪਛਾਤੇ ਵਿਅਕਤੀ 26 ਲੱਖ ਤੋਂ ਵੱਧ ਦੀ ਨਕਦੀ ਉਡਾ ਲੈ ਗਏ ਸਨ। ਜਦਕਿ ਸ਼ੇਰਪੁਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਮੇਨ ਗੇਟ ਨਾਲ ਲੱਗੇ ਏ. ਟੀ. ਐੱਮ. ਨੂੰ ਕੁਝ ਦਿਨ ਪਹਿਲਾਂ ਲੁੱਟ ਦੀ ਨੀਅਤ ਨਾਲ ਤੋੜਿਆ ਜਾ ਚੁੱਕਿਆ ਹੈ ਅਤੇ ਐੱਸ. ਬੀ. ਆਈ. ਬੈਂਕ ਦੀ ਬ੍ਰਾਂਚ ਘਨੌਰੀ ਕਲਾਂ ਵਿਖੇ ਵੀ ਬੈਂਕ ਅੰਦਰ ਪਏ ਕੈਸ਼ ਨੂੰ ਲੁੱਟਣ ਦੇ ਇਰਾਦੇ ਨਾਲ ਉਸ ਦੀ ਵੀ ਭੰਨ-ਤੋੜ ਹੋ ਚੁੱਕੀ ਹੈ।

PunjabKesari

ਜ਼ਿਕਰਯੋਗ ਹੈ ਕਿ ਇਨ੍ਹਾਂ ਏ. ਟੀ. ਐੱਮਜ਼ 'ਚ ਕਰੋੜਾਂ ਦੀ ਨਕਦੀ ਹੁੰਦੀ ਹੈ ਕਿਉਂਕਿ ਜੇਕਰ ਇਕ ਪਿੰਡ ਬ੍ਰਾਂਚ 'ਤੋਂ 26 ਲੱਖ ਲੁੱਟੇ ਜਾ ਸਕਦੇ ਹਨ ਤਾਂ ਸ਼ਹਿਰਾਂ ਦੇ ਏ. ਟੀ. ਐੱਮਜ਼ 'ਚ ਤਾਂ ਰਕਮ ਇਸ ਤੋਂ ਵੱਧ ਹੋਵੇਗੀ। ਉਕਤ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਅਜੇ ਤੱਕ ਕਿਸੇ ਵੀ ਬੈਂਕ ਵੱਲੋਂ ਏ. ਟੀ. ਐੱਮਜ਼ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਾ ਕਰਨਾ ਗਹਿਰੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਦਿਨਾਂ 'ਚ ਰਾਤ ਸਮੇਂ ਪੈਂਦੀ ਸੰਘਣੀ ਧੁੰਦ ਕਰਕੇ ਲੁੱਟਾਂ-ਖੋਹਾਂ, ਚੋਰੀ ਦੀਆਂ ਵਾਰਦਾਤਾਂ 'ਚ ਵਾਧਾ ਹੋ ਜਾਂਦਾ ਹੈ, ਜਿਸ ਕਰਕੇ ਚਾਹੀਦਾ ਤਾਂ ਇਹ ਹੈ ਕਿ ਬੈਂਕਾਂ ਇਨ੍ਹਾਂ ਦਿਨਾਂ 'ਚ ਵਧੇਰੇ ਚੌਕਸੀ ਵਰਤਣ ਪਰ ਬੈਂਕਾਂ ਦੇ ਉੱਚ ਅਧਿਕਾਰੀਆਂ ਦਾ ਇਹ ਅਵੇਸਲਾਪਨ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੰਦਾ ਹੈ। ਬੇਸ਼ੱਕ ਬੈਂਕਾਂ 'ਚ ਦਿਨ ਦੀ ਡਿਊਟੀ ਲਈ ਸੁਰੱਖਿਆ ਗਾਰਡ ਰੱਖੇ ਗਏ ਹਨ ਪਰ ਰਾਤ ਸਮੇਂ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਦਕਿ ਸ਼ੇਰਪੁਰ ਪੁਲਸ ਵੱਲੋਂ ਰਾਤ ਸਮੇਂ ਬੈਂਕਾਂ ਦੇ ਬਾਹਰ ਲੱਗੇ ਏ. ਟੀ. ਐੱਮਜ਼ 'ਤੇ ਬੈਂਕ ਬ੍ਰਾਂਚਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਜਿਸ ਕਰਕੇ ਹੀ ਸ਼ੇਰਪੁਰ ਬੈਂਕ ਵਿਖੇ ਪੀ. ਐੱਨ. ਬੀ. ਬੈਂਕ ਦਾ ਏ. ਟੀ. ਐੱਮਜ਼ ਲੁੱਟਣ ਤੋਂ ਬਚ ਗਿਆ। ਲੰਘੀ ਰਾਤ ਅਤੇ ਅੱਜ ਸਵੇਰੇ 'ਜਗ ਬਾਣੀ' ਵੱਲੋਂ ਸ਼ੇਰਪੁਰ 'ਚ ਲੱਗੇ ਏ. ਟੀ. ਐੱਮਜ਼ ਦਾ ਦੌਰਾ ਕੀਤਾ ਗਿਆ ਤਾਂ ਕਿਸੇ ਵੀ ਬੈਂਕ ਅੱਗੇ ਅਤੇ ਏ. ਟੀ. ਐੱਮ. 'ਚ ਕੋਈ ਵੀ ਸੁਰੱਖਿਆ ਕਰਮਚਾਰੀ ਨਜ਼ਰ ਨਹੀਂ ਆਇਆ, ਜਦਕਿ ਕੁਝ ਏ. ਟੀ. ਐੱਮਜ਼ ਬੰਦ ਵੀ ਦਿਖਾਈ ਦਿੱਤੇ।

ਜ਼ਿਕਰਯੋਗ ਹੈ ਕਿ ਕੁਝ ਬੈਂਕਾਂ 'ਚ ਲੱਗੇ ਹੂਟਰ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ 24 ਘੰਟੇ ਚੱਲਦਾ ਰੱਖਣ ਲਈ ਕੀਤੇ ਪ੍ਰਬੰਧਾਂ 'ਚ ਵੀ ਕਈ ਵਾਰ ਕਮੀਆਂ ਸਾਹਮਣੇ ਆਈਆਂ ਹਨ, ਕਈ ਵਾਰ ਤਾਂ ਹੂਟਰ ਆਪਣੇ-ਆਪ ਹੀ ਵੱਜ ਪੈਂਦੇ ਹਨ ਪਰ ਲੋੜ ਸਮੇਂ ਕਈ ਵਾਰ ਹੂਟਰ ਵੱਜਦਾ ਹੀ ਨਹੀਂ। ਇਨ੍ਹਾਂ ਕਮੀਆਂ ਨੂੰ ਵੀ ਦੂਰ ਕਰਨ ਲਈ ਬੈਂਕ ਦੇ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

ਕੀ ਕਹਿੰਦੇ ਨੇ ਥਾਣਾ ਸ਼ੇਰਪੁਰ ਦੇ ਮੁਖੀ
ਇਸ ਸਬੰਧੀ ਜਦੋਂ ਥਾਣਾ ਸ਼ੇਰਪੁਰ ਦੇ ਮੁੱਖ ਅਫਸਰ ਰਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਾਣਾ ਸ਼ੇਰਪੁਰ ਦੀ ਹਦੂਦ 'ਚ ਪੈਂਦੀਆਂ ਸਾਰੀਆਂ ਹੀ ਬ੍ਰਾਂਚਾਂ ਦੇ ਬੈਂਕ ਮੈਨੇਜਰਾਂ ਨੂੰ ਲਿਖਤੀ ਅਤੇ ਜ਼ੁਬਾਨੀ ਤੌਰ 'ਤੇ ਏ. ਟੀ. ਐੱਮਜ਼ ਅਤੇ ਬੈਂਕਾਂ ਦੀ ਸੁਰੱਖਿਆ ਲਈ ਨੋਟ ਕਰਵਾਇਆ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਬੈਂਕ ਨੇ ਕੋਈ ਸੁਰੱਖਿਆ ਕਰਮਚਾਰੀਆਂ ਦਾ ਪ੍ਰਬੰਧ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਰਾਤ ਸਮੇਂ ਆਪਣੀ ਡਿਊਟੀ ਨਿਭਾਉਂਦੇ ਹੋਏ ਬੈਂਕਾਂ ਅਤੇ ਏ. ਟੀ. ਐੱਮਜ਼ ਦੀ ਚੈਕਿੰਗ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ । ਉਨ੍ਹਾਂ ਸਾਰੀਆਂ ਹੀ ਬੈਂਕਾਂ ਦੇ ਮੈਨੇਜਰਾਂ ਅਤੇ ਜ਼ਿਲਾ ਪੱਧਰ 'ਤੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਗਾਰਡਾਂ ਦਾ ਪੱਕੇ ਤੌਰ 'ਤੇ ਜਲਦੀ ਹੀ ਪ੍ਰਬੰਧ ਕਰਨ। ਇਸ ਤੋਂ ਇਲਾਵਾ ਏ. ਟੀ. ਐੱਮਜ਼ ਦੇ ਸਾਹਮਣੇ ਇਕ ਦੀਵਾਰ ਕਰਵਾਈ ਜਾਵੇ ਤਾਂ ਜੋ ਏ. ਟੀ. ਐੱਮਜ਼ ਨੂੰ ਬਾਹਰ ਤੋਂ ਕਿਸੇ ਵ੍ਹੀਕਲ ਦੀ ਮਦਦ ਨਾਲ ਸਿੱਧੇ ਤੌਰ 'ਤੇ ਨਾ ਖਿੱਚਿਆ ਜਾ ਸਕੇ।

ਕੀ ਕਹਿੰਦੇ ਹਨ ਬੈਂਕ ਮੈਨੇਜਰ
ਇਸ ਸਬੰਧੀ ਐੱਸ. ਬੀ. ਆਈ. ਸ਼ੇਰਪੁਰ ਦੇ ਮੈਨੇਜਰ ਮੁਹੰਮਦ ਸਲਮਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੈਂਕ ਅਤੇ ਏ. ਟੀ. ਐੱਮ. ਦੀ ਰਾਤ ਸਮੇਂ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਭੇਜਿਆ ਹੋਇਆ ਹੈ। ਜਦੋਂ ਵੀ ਕੋਈ ਸੁਰੱਖਿਆ ਗਾਰਡ ਆਉਂਦਾ ਹੈ ਤਾਂ ਉਸ ਦੀ ਡਿਊਟੀ ਲੱਗ ਜਾਵੇਗੀ। ਉਨ੍ਹਾਂ ਦੱਸਿਆ ਕਿ ਦਿਨ ਸਮੇਂ ਬੈਂਕ ਕੋਲ ਆਪਣਾ ਸੁਰੱਖਿਆ ਗਾਰਡ ਹੈ। ਇਸ ਤੋਂ ਇਲਾਵਾ ਕਈ ਬੈਂਕਾਂ ਦੇ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ ਤੇ ਕੁਝ ਬੈਂਕਾਂ ਦੇ ਮੈਨੇਜਰ ਸਾਹਿਬਾਨ ਨਾਲ ਸੰਪਰਕ ਨਹੀਂ ਹੋ ਸਕਿਆ।


cherry

Content Editor

Related News