ਸੁਖਬੀਰ ਨੂੰ ਹਰਾ ਕੇ ਅਸੀਂ ਹੀ ਲੰਬੀ ਛੱਡ ਆਵਾਂਗੇ : ਸ਼ੇਰ ਸਿੰਘ ਘੁਬਾਇਆ

04/23/2019 5:42:54 PM

ਫਿਰੋਜ਼ਪੁਰ (ਸਨੀ, ਕੁਮਾਰ) - ਸੁਖਬੀਰ ਬਾਦਲ ਨੂੰ ਲੰਬੀ ਤੋਂ ਅਸੀਂ ਜਲਾਲਾਬਾਦ ਲੈ ਕੇ ਆਏ ਸਨ ਅਤੇ ਹੋਣ ਵਾਲੀਆਂ ਸੰਸਦੀ ਚੋਣਾਂ 'ਚ ਉਸ ਨੂੰ ਹਰਾ ਕੇ ਅਸੀਂ ਹੀ ਲੰਬੀ ਛੱਡ ਕੇ ਆਵਾਂਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਕਾਂਗਰਸ ਵਲੋਂ ਚੋਣ ਲੜ੍ਹ ਰਹੇ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ। ਘੁਬਾਇਆ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਹ ਲੋਕਾਂ ਨੂੰ ਦੱਸਣਗੇ ਕਿ ਸੁਖਬੀਰ ਬਾਦਲ ਤੇ ਉਨ੍ਹਾਂ ਦੀ ਜੁੰਡਲੀ 10 ਸਾਲ ਦੇ ਸੱਤਾ ਕਾਲ 'ਚ ਕੀ-ਕੀ ਗੁਲ ਖਿਲਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਬੇਅਦਬੀ ਅਤੇ ਹੋਰ ਅਹਿਮ ਮੁੱਦੇ ਫਿਰੋਜ਼ਪੁਰ ਸੰਸਦੀ ਹਲਕੇ ਦੇ ਲੋਕਾਂ ਦੇ ਸਾਹਮਣੇ ਲੈ ਕੇ ਜਾਣਗੇ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘੁਬਾਇਆ ਨੇ ਕਿਹਾ ਕਿ ਬਹੁਤ ਚੰਗਾ ਹੋਇਆ, ਜੋ ਇਸ ਵਾਰ ਉਨ੍ਹਾਂ ਦੇ ਮੁਕਾਬਲੇ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਚੋਣ ਲੜ ਰਹੇ ਹਨ। ਉਹ ਡੇਢ ਲੱਖ ਤੋਂ ਵਧ ਵੋਟਾਂ ਦੇ ਅੰਤਰ ਨਾਲ ਸੁਖਬੀਰ ਬਾਦਲ ਨੂੰ ਹਰਾ ਦੇਣਗੇ। ਨਾਰਾਜ਼ ਆਗੂਆਂ ਅਤੇ ਲੋਕਾਂ ਨੂੰ ਮਨਾਉਣ ਦੇ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਸ਼ੇਰ ਸਿੰਘ ਘੁਬਾਇਆ ਅਤੇ ਉਨ੍ਹਾਂ ਦੇ ਕਾਂਗਰਸ ਵਿਧਾਇਕ ਬੇਟੇ ਦਵਿੰਦਰ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਕੋਈ ਵੀ ਨਾਰਾਜ਼ ਨਹੀਂ ਹੈ ਅਤੇ ਸਾਰੇ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ 1-2 ਲੋਕ ਹੀ ਹਨ, ਜੋ ਉਨ੍ਹਾਂ ਦੇ ਨਾਲ ਨਾਰਾਜ਼ ਹਨ ਪਰ ਉਹ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਨੂੰ ਵੀ ਮਨਾ ਲੈਣਗੇ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਉਹ ਇਸ ਵਾਰ ਰਾਹੁਲ ਗਾਂਧੀ ਨੂੰ ਭਾਰਤ ਦਾ ਪ੍ਰਧਾਨ ਮੰਤਰੀ ਜ਼ਰੂਰ ਬਣਾਉਣਗੇ।

rajwinder kaur

This news is Content Editor rajwinder kaur