ਸ਼ਹੀਦ ਜੈਮਲ ਸਿੰਘ ਦੇ ਪਿੰਡ ਘਲੋਟੀ ਨੂੰ ਜਾਣ ਵਾਲਾ ਹਰ ਰਾਹ ਉਦਾਸ

02/23/2019 12:17:55 PM

ਮੋਗਾ (ਸੰਜੀਵ)—ਕੋਟ ਈਸੇ ਖਾਂ–ਜੰਮੂ-ਕਸ਼ਮੀਰ ਦੇ ਪੁਲਵਾਮਾ ਖੇਤਰ 'ਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ 44 ਸੀ. ਆਰ. ਪੀ. ਐੱਫ. ਦੇ ਜਵਾਨਾਂ ਦੀ ਸ਼ਹਾਦਤ ਕਰ ਕੇ ਜਿਥੇ ਪੂਰੇ ਦੇਸ਼ 'ਚ ਪਾਕਿਸਤਾਨ ਵਿਰੁੱਧ ਗੁੱਸਾ ਭੜਕ ਰਿਹਾ ਹੈ, ਉਥੇ ਹੀ ਦੇਸ਼ ਵਾਸੀ ਭਾਰਤ ਦੇ ਬਹਾਦਰ ਸ਼ਹੀਦ ਜਵਾਨਾਂ 'ਤੇ ਮਾਣ ਮਹਿਸੂਸ ਕਰ ਰਹੇ ਹਨ, ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਨ੍ਹਾਂ ਸ਼ਹੀਦ ਜਵਾਨਾਂ 'ਚ ਮੋਗਾ ਜ਼ਿਲੇ ਦੇ ਪਿੰਡ ਘਲੋਟੀ ਖੁਰਦ ਦਾ ਨੌਜਵਾਨ ਜੈਮਲ ਸਿੰਘ ਵੀ ਸ਼ਾਮਲ ਹੈ, ਜਿਹੜਾ ਉਸ ਵੇਲੇ ਸੀ. ਆਰ. ਪੀ. ਐੱਫ. ਦੀ ਬੱਸ ਚਲਾ ਰਿਹਾ ਸੀ, ਜਦੋਂ ਅੱਤਵਾਦੀਆਂ ਨੇ ਬੱਸ 'ਤੇ ਹਮਲਾ ਕੀਤਾ। ਉਸ ਦੇ ਤੁਰ ਜਾਣ ਪਿੱਛੋਂ ਅੱਜ ਘਲੋਟੀ ਨੂੰ ਜਾਣ ਵਾਲਾ ਹਰ ਰਾਹ ਉਦਾਸ ਅਤੇ ਹਰ ਵਿਅਕਤੀ ਗ਼ਮ 'ਚ ਡੁੱਬਿਆ ਹੈ। 

ਜੈਮਲ ਸਿੰਘ ਦਾ ਜਨਮ 26 ਅਪ੍ਰੈਲ 1976 ਨੂੰ ਪਿੰਡ ਘਲੋਟੀ ਖੁਰਦ ਵਿਖੇ ਧਾਰਮਿਕ ਸ਼ਖਸੀਅਤ ਜਸਵੰਤ ਸਿੰਘ ਦੇ ਘਰ ਹੋਇਆ ਸੀ। ਸਾਧਾਰਨ ਪਰਿਵਾਰ 'ਚ ਪੈਦਾ ਹੋਣ ਦੇ ਬਾਵਜੂਦ ਜੈਮਲ ਸਿੰਘ ਨੇ ਪੂਰੀ ਲਗਨ ਨਾਲ ਜਿਥੇ ਪੜ੍ਹਾਈ ਕੀਤੀ, ਉਥੇ ਹੀ ਉਸ ਨੇ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਜੋੜਦਿਆਂ ਸਖਤ ਮਿਹਨਤ ਕਰ ਕੇ ਘਰ ਦੀ ਰੋਜ਼ੀ-ਰੋਟੀ ਵੀ ਚਲਾਈ। 

ਮਨ 'ਚ ਦੇਸ਼ ਭਗਤੀ ਦਾ ਜਜ਼ਬਾ ਹੋਣ ਕਾਰਨ ਜੈਮਲ ਸਿੰਘ ਪੜ੍ਹਾਈ ਮਗਰੋਂ 23 ਅਪ੍ਰੈਲ 1993 ਨੂੰ ਸੀ. ਆਰ. ਪੀ. ਐੱਫ. 'ਚ ਭਰਤੀ ਹੋ ਗਿਆ। ਉਸ ਨੇ ਦਿੱਲੀ, ਆਸਾਮ, ਊਧਮਪੁਰ, ਜੰਮੂ, ਮਣੀਪੁਰ, ਰਾਂਚੀ ਆਦਿ ਅਨੇਕਾਂ ਥਾਵਾਂ 'ਤੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ। ਤਿੰਨ ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੇ ਜੈਮਲ ਸਿੰਘ ਦਾ ਵਿਆਹ 14 ਅਕਤੂਬਰ 1996 ਨੂੰ ਸੁਖਜੀਤ ਕੌਰ ਨਾਲ ਹੋਇਆ। 

18 ਸਾਲ ਘਰ 'ਚ ਕੋਈ ਔਲਾਦ ਪੈਦਾ ਨਾ ਹੋਣ ਮਗਰੋਂ ਜਦੋਂ ਉਨ੍ਹਾਂ ਦੇ ਘਰ ਗੁਰਪ੍ਰਕਾਸ਼ ਸਿੰਘ ਦੇ ਰੂਪ 'ਚ ਪੁੱਤਰ ਨੇ ਕਿਲਕਾਰੀਆਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਪਰਿਵਾਰ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਨ ਲੱਗਾ ਹੀ ਸੀ ਕਿ ਜੈਮਲ ਸਿੰਘ ਦੀ ਸ਼ਹੀਦੀ ਦਾ ਪਹਾੜ ਪਰਿਵਾਰ 'ਤੇ ਟੁੱਟ ਗਿਆ। ਉਨ੍ਹਾਂ ਦਾ ਬਜ਼ੁਰਗ ਪਿਤਾ ਜਸਵੰਤ ਸਿੰਘ ਆਪਣੇ ਪੁੱਤਰ ਦੀ ਸ਼ਹੀਦੀ ਨੂੰ ਦੇਸ਼ਵਾਸੀਆਂ ਲਈ ਮਾਣ ਸਮਝਦਾ ਹੈ ਪਰ ਇਸ ਦੇ ਨਾਲ ਹੀ ਉਸ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਦੇ ਬੇਟੇ ਦੀ ਅਰਥੀ ਉਸ ਦੇ ਮੋਢਿਆਂ 'ਤੇ ਹੀ ਸਿਵਿਆਂ ਤਕ ਗਈ, ਜਦਕਿ ਪਰਿਵਾਰ ਨੂੰ ਇਹ ਆਸ ਸੀ ਕਿ ਸਰਹੱਦਾਂ ਦੀ ਰਾਖੀ ਕਰ ਕੇ ਸੇਵਾ-ਮੁਕਤੀ ਹੋਣ ਮਗਰੋਂ ਸਾਡਾ ਜੈਮਲ ਬਿਰਧ ਮਾਂ-ਬਾਪ ਦਾ ਸਹਾਰਾ ਬਣੇਗਾ। ਸ਼ਹੀਦ ਜੈਮਲ ਸਿੰਘ ਦੇ ਨਮਿੱਤ ਪਾਠ ਦਾ ਭੋਗ 23 ਫਰਵਰੀ ਨੂੰ ਪਿੰਡ ਘਲੋਟੀ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ 1 ਵਜੇ ਪਵੇਗਾ, ਜਿਥੇ ਸਿਆਸੀ, ਸਮਾਜਕ ਅਤੇ ਧਾਰਮਕ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ।  

Shyna

This news is Content Editor Shyna