ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

05/27/2019 2:35:04 PM

ਬਰਨਾਲਾ (ਮੱਘਰ) - ਬਰਨਾਲਾ ਦੇ ਕਸਬਾ ਧਨੌਲਾ ਦੇ ਵਾਰਡ ਨੰਬਰ-9 ਅਤੇ 10 ਦੇ ਵਸਨੀਕ ਪਿਛਲੇ ਇਕ ਮਹੀਨੇ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹੋ ਰਹੇ ਹਨ, ਜਿਸ ਦੇ ਰੋਸ ਵਜੋਂ ਲੋਕਾਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਧਨੌਲਾ ਦੇ ਈ.ਓ. ਖਿਲ਼ਾਫ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਲੋਕਾਂ ਅਤੇ ਔਰਤਾਂ ਨੇ ਦੱਸਿਆ ਕਿ ਸੀਵਰੇਜ ਬੰਦ ਹੋਣ ਕਾਰਨ ਉਹ ਪਿਛਲੇ ਇਕ ਮਹੀਨੇ ਤੋਂ ਗੰਦੇ ਪਾਣੀ ਦਾ ਸੰਤਾਪ ਹੰਢਾ ਰਹੇ ਹਨ। ਹੁਣ ਇਹ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ। ਗਲੀਆਂ 'ਚ ਗੰਦਾ ਪਾਣੀ ਖੜਾ ਰਹਿਣ ਕਾਰਨ ਬੱਚਿਆਂ ਅਤੇ ਆਮ ਲੋਕਾਂ ਨੂੰ ਇਸ ਪਾਣੀ 'ਚੋਂ ਦੀ ਗੁਜ਼ਰਨਾ ਪੈਂਦਾ ਹੈ। 

ਲੋਕਾਂ ਨੇ ਕਿਹਾ ਕਿ ਘਰਾਂ ਦੇ ਨੇੜੇ ਲੱਗੇ ਕੂੜੇ ਦੇ ਡੰਪ, ਜਿਸ ਦੀ ਨਗਰ ਕੌਂਸਲ ਵਲੋਂ ਸਮੇਂ 'ਤੇ ਸਫਾਈ ਨਾ ਕਰਵਾਉਣ ਕਾਰਨ ਕੂੜੇ-ਕਰਕਟ ਦੇ ਢੇਰ ਲੱਗੇ ਰਹਿੰਦੇ ਹਨ। ਇਸ ਇਕੱਠੇ ਹੋਏ ਕੂੜੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਸਮੱਸਿਆ ਦੇ ਬਾਰੇ ਕਈ ਵਾਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਜਿਸ ਦੇ ਬਾਵਜੂਦ ਕਈ ਹੱਲ ਨਹੀਂ ਹੋਇਆ। ਐੱਸ. ਡੀ. ਐੱਮ. ਬਰਨਾਲਾ ਨੇ ਦੱਸਿਆ ਕਿ ਸੀਵਰੇਜ ਦੀ ਸਮੱਸਿਆ ਸਬੰਧੀ ਉਹ ਨਗਰ ਕੌਂਸਲ ਦੇ ਈ.ਓ ਨਾਲ ਸੰਪਰਕ ਕਰਨਗੇ ਅਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਇਸ ਸੱਮਸਿਆ ਦਾ ਹੱਲ ਕਰਾਉਣਗੇ।

rajwinder kaur

This news is Content Editor rajwinder kaur