ਗੰਦੇ ਨਾਲੇ ਨੇ ਚੜਿੱਕ ਵਾਸੀਆਂ ਦਾ ਕੀਤਾ ਜਿਊਣਾ ਦੁੱਭਰ

09/19/2018 12:56:40 AM

ਮੋਗਾ, (ਗੋਪੀ ਰਾਊਕੇ)- ਪਿੰਡ  ਚੜਿੱਕ ’ਚ ਗੰਦੇ ਪਾਣੀ ਦੇ ਨਿਕਾਸ ਲਈ  ਬਣਿਆ ਨਾਲਾ ਟੁੱਟ ਚੁੱਕਾ ਹੈ,  ਜਿਸ ਕਾਰਨ ਨਾਲੇ ਦੇ ਆਸੇ-ਪਾਸੇ ਰਹਿਣ ਵਾਲੇ ਲੋਕਾਂ ਨੂੰ ਬਾਰਿਸ਼ ਦੇ ਦਿਨਾਂ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ  ਅਤੇ ਉਨ੍ਹਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਸ ਨਾਲੇ ਵਿਚ ਪਲਾਸਟਿਕ, ਕੂਡ਼ਾ, ਖਾਲੀ ਬੋਤਲਾਂ ਆਦਿ ਦੇਖਣ ਨੂੰ ਆਮ ਮਿਲਦੀਆਂ ਹਨ। ਇਹ  ਨਾਲਾ ਪੰਚਾਇਤ ਵੱਲੋਂ ਬਣਾਇਆ ਗਿਆ ਸੀ।  ਇਹ ਪਿੰਡ ਦੇ ਵਿਚਕਾਰ  ਇਕ ਛੱਪਡ਼ ਤੋਂ ਨਿਕਲਦਾ ਹੈ ਅਤੇ ਮੰਡੀਰਾਂ ਰੋਡ ’ਤੇ ਜੋ ਦੂਸਰਾ ਛੱਪਡ਼ ਡ੍ਰੇਨ ਨਾਲ ਜੁਡ਼ਿਆ ਹੈ ਉਸ ਵਿਚ ਜਾ ਕੇ ਮਿਲਦਾ ਹੈ, ਜਿਸ ਕਾਰਨ ਲੋਕਾਂ ਵਿਚ ਪੰਚਾਇਤ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।  ਪਿੰਡ ਨਿਵਾਸੀ ਵਿੱਕੀ ਕੁਮਾਰ, ਕਾਮਰੇਡ ਮਲਕੀਤ ਸਿੰਘ, ਨਾਮਦੇਵ ਸਿੰਘ ਚਡ਼ਿੱਕ, ਗੁਰਦਿਆਲ ਸਿੰਘ, ਸਾਬਕਾ ਮੈਂਬਰ ਅਮਰਜੀਤ ਸਿੰਘ, ਗੁਰਮੀਤ ਸਿੰਘ, ਧਰਮਵੀਰ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲੇ  ’ਚ ਪਿੰਡ ਦਾ ਗੰਦਾ ਪਾਣੀ ਅਤੇ ਪਖਾਨੇ ਆਦਿ ਵਹਿੰਦੇ ਹਨ  ਤੇ ਫਿਰ ਵੀ ਪੰਚਾਇਤ ਇਸ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ  ਕਿਹਾ ਕਿ ਬਾਰਿਸ਼ ਦੇ ਦਿਨਾਂ ਵਿਚ ਇਹ ਗੰਦੇ ਪਾਣੀ ਵਾਲਾ ਨਾਲਾ ਓਵਰਫਲੋਅ ਹੋ ਜਾਂਦਾ ਹੈ ਅਤੇ ਗੰਦਾ ਪਾਣੀ ਸਾਡੇ ਘਰਾਂ ’ਚ ਆ ਵਡ਼ਦਾ ਹੈ। ਉਨ੍ਹਾਂ ਇਸ ਸਬੰਧੀ ਕਈ ਵਾਰ ਪਿੰਡ ਦੀ ਪੰਚਾਇਤ ਅਤੇ ਮੌਜੂਦਾ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਪਰ ਹਰ ਵਾਰ ਇਸ ਨੂੰ ਅਣਦੇਖਾ ਕੀਤਾ ਗਿਆ, ਜਦਕਿ ਪਿੰਡ ਦੇ ਵਿਕਾਸ ਲਈ ਜੰਗੀਰ ਪੱਤੀ ਤੋਂ ਲੰਘਦੀ ਸਡ਼ਕ ਵਾਰ-ਵਾਰ ਭੰਨ ਕੇ ਫਿਰ ਤੋਂ ਨਵੀਂ ਬਣਾਈ ਜਾਂਦੀ ਹੈ, ਪਰ ਇਸ ਨਾਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਪਿੰਡ ਦੇ ਧਰਮਵੀਰ ਸਿੰਘ ਜਿਸ ਦਾ ਘਰ ਨਾਲੇ ਦੇ ਬਿਲਕੁੱਲ  ਨੇਡ਼ੇ ਹੈ, ਦਾ ਕਹਿਣਾ ਹੈ ਕਿ ਮੇਰੇ ਦੋ ਛੋਟੇ-ਛੋਟੇ ਬੱਚੇ ਹਨ ਉਹ ਸਾਡੇ ਘਰ  ਕੋਲ ਜੋ ਸਕੂਲ ਹੈ, ਉਸ ’ਚ ਪਡ਼੍ਹਦੇ ਹਨ, ਕਈ ਵਾਰ ਇਹ ਨਾਲਾ ਪਾਣੀ ਨਾਲ ਇੰਨਾ ਭਰ ਜਾਂਦਾ ਹੈ ਕਿ ਸਾਡੇ ਬੱਚੇ ਘਰ ’ਚ ਬਡ਼ੀ ਮੁਸ਼ਕਲ ਨਾਲ ਆਉਣ-ਜਾਣ ਕਰਦੇ ਹਨ।  ਉਨ੍ਹਾਂ ਸਰਕਾਰ ਤੇ ਪਿੰਡ ਦੀ ਪੰਚਾਇਤ ਤੋਂ ਮੰਗ ਕੀਤੀ  ਕਿ ਇਸ ਗੰਦੇ ਨਾਲੇ ਨੂੰ ਦੁਬਾਰਾ ਨਵਾਂ ਬਣਵਾਇਆ ਜਾਵੇ।
ਕੀ ਕਹਿਣੈ ਸਰਪੰਚ ਦਾ
 ਇਸ ਸਬੰਧੀ ਪਿੰਡ ਦੇ ਸਰਪੰਚ ਬਖਸ਼ੀਸ਼ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿੱਥੇ ਪਿੰਡ ਦੇ ਵਿਕਾਸ  ਲਈ ਪੰਚਾਇਤ ਵੱਧ-ਚਡ਼੍ਹ ਕੇ ਸਹਿਯੋਗ ਦੇ ਰਹੀ ਹੈ, ਉਥੇ ਹੀ ਚੋਣਾਂ ਤੋਂ ਬਾਅਦ ਇਸ ਗੰਦੇ ਨਾਲੇ ਦੇ ਨਿਰਮਾਣ ਲਈ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਪੰਚਾਇਤ ਦਾ ਇਸ ਵੱਲ ਧਿਆਨ ਸੀ ਪਰ ਚੋਣਾਂ ਕਾਰਨ ਇਸ ਗੰਦੇ ਨਾਲੇ ਦੇ ਨਿਰਮਾਣ ਦਾ ਕਾਰਜ ਰੋਕ ਦਿੱਤਾ ਗਿਆ ਸੀ। ਪੰਚਾਇਤ ਦੀ ਸਰਕਾਰ ਤੋਂ ਮੰਗ ਹੈ ਕਿ ਜੋ ਪਿੰਡ ਦੇ ਵਿਚਕਾਰ ਛੱਪਡ਼ ਹੈ ਉਸ ਦੀ ਸਫਾਈ  ਲਈ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਗ੍ਰਾਂਟਾਂ ਦੇ ਕੇ ਸਹਿਯੋਗ ਕਰੇ।