ਇਰਾਦਾ ਕਤਲ ਕੇਸ ''ਚ ਰਘੂਮੀਤ ਸਿੰਘ ਸੋਢੀ ''ਤੇ ਸੈਸ਼ਨ ਕੋਰਟ ਨੇ ਕੀਤੇ ਦੋਸ਼ ਤੈਅ

09/04/2019 10:17:09 PM

ਗੁਰੂਹਰਸਹਾਏ (ਪ੍ਰਦੀਪ)-ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਉਸ ਸਮੇਂ ਮੁਸ਼ਕਲਾਂ ਵਧ ਗਈਆਂ, ਜਦੋਂ ਉਨ੍ਹਾਂ ਦੇ ਪੁੱਤਰ ਰਘੂਮੀਤ ਸਿੰਘ ਸੋਢੀ (ਰਘੂ ਸੋਢੀ) ਖਿਲਾਫ ਮਾਣਯੋਗ ਸੈਸ਼ਨ ਕੋਰਟ ਫਿਰੋਜ਼ਪੁਰ ਨੇ ਇਰਾਦਾ ਕਤਲ ਕੇਸ 'ਚ ਦੋਸ਼ ਤੈਅ ਕਰ ਦਿੱਤੇ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ 2019 ਨੂੰ ਰੱਖੀ ਗਈ ਹੈ।
ਜਾਣਕਾਰੀ ਅਨੁਸਾਰ 7 ਮਈ 2013 ਨੂੰ ਬਲਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਪਿੰਡ ਮਿਰਜਾ ਲੱਖੋ ਕੇ ਤਹਿਸੀਲ ਗੁਰੂਹਰਸਹਾਏ ਜ਼ਿਲਾ ਫਿਰੋਜ਼ਪੁਰ ਆਪਣੇ ਕਿਸੇ ਮਿੱਤਰ ਨੂੰ ਮਿਲਣ ਲਈ ਵਾਇਆ ਗੁੱਦੜ ਢੰਡੀ ਰੋਡ ਨਜ਼ਦੀਕ ਗੁਰੂਹਰਸਹਾਏ ਰੇਲਵੇ ਫਾਟਕ ਕੋਲ ਪੁੱਜਾ ਤਾਂ ਅੱਗੋਂ ਰਘੂਮੀਤ ਸਿੰਘ ਸੋਢੀ, ਰਵੀ ਸ਼ਰਮਾ ਅਤੇ ਸੁਖਪਾਲ ਸਿੰਘ ਕਰਕਾਦੀ ਚਿੱਟੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਆਏ। ਇਸ ਦੌਰਾਨ ਰਘੂਮੀਤ ਸੋਢੀ ਨੇ ਲਲਕਾਰਾ ਮਾਰਿਆ ਅਤੇ ਬਲਜੀਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਅਤੇ ਇਸ ਤੋਂ ਬਾਅਦ ਜ਼ਖਮੀ ਹਾਲਾਤ 'ਚ ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਸਬੰਧਤ ਥਾਣੇ ਦੀ ਪੁਲਸ ਨੇ ਸਿਆਸਤ ਦੇ ਦਬਾਅ ਹੇਠ ਹਮਲਾਵਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਇਨਸਾਫ ਲੈਣ ਲਈ ਇਕ ਸ਼ਿਕਾਇਤ ਸਬ-ਡਵੀਜ਼ਨਲ ਮੈਜਿਸਟ੍ਰੇਟ ਗੁਰੂਹਰਸਹਾਏ ਵਿਖੇ ਦਾਇਰ ਕੀਤੀ ਅਤੇ ਇਸ ਤੋਂ ਬਾਅਦ ਇਹ ਮਾਮਲਾ ਮਾਣਯੋਗ ਸੈਸ਼ਨ ਕੋਰਟ ਫਿਰੋਜ਼ਪੁਰ ਦੇ ਵਿਚਾਰ ਅਧੀਨ ਪੁੱਜਾ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਜਨੀ ਚਹੋਕਰਾ ਦੀ ਅਦਾਲਤ ਨੇ 30 ਅਗਸਤ 2019 ਨੂੰ ਆਈ. ਪੀ. ਸੀ. ਧਾਰਾ 307, 323, 34 ਦੇ ਅਧੀਨ ਦੋਸ਼ਾਂ ਨੂੰ ਤੈਅ ਕੀਤਾ ਅਤੇ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਰੱਖੀ ਹੈ।


Karan Kumar

Content Editor

Related News