ਐਤਵਾਰ ਨੂੰ ਸੇਵਾ ਕੇਂਦਰ ਖੁੱਲ੍ਹੇ ਹੋਣ ਤੋਂ ਅਣਜਾਣ ਲੋਕਾਂ ਕਾਰਨ ਦਫ਼ਤਰਾਂ ’ਚ ਰਿਹਾ ਸੰਨਾਟਾ

04/17/2022 2:41:25 PM

ਸਮਰਾਲਾ (ਗਰਗ, ਬੰਗੜ) : ਪੰਜਾਬ ’ਚ ਆਮ ਆਦਮੀ ਪਾਰਟੀ ‘ਆਪ’ ਦੀ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਲਈ ਹਰ ਰੋਜ਼ ਵੱਡੇ-ਵੱਡੇ ਐਲਾਨ ਕਰ ਰਹੇ ਹਨ। ਪਿਛਲੀ ਸਰਕਾਰ ’ਚ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦੀ ਸੱਵਬ ਬਣੇ ਸੂਬੇ ਦੇ ਸਰਕਾਰੀ ਸੇਵਾ ਕੇਂਦਰਾਂ ’ਚ ਭੀੜ ਘਟਾਉਣ ਅਤੇ ਲੋਕਾਂ ਨੂੰ ਹਫ਼ਤੇ ਦੇ 7 ਦਿਨ ਹੀ ਸੇਵਾਵਾਂ ਦੇਣ ਲਈ ਮੁੱਖ ਮੰਤਰੀ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸੂਬੇ ਦੇ ਸਾਰੇ ਸਰਕਾਰੀ ਸੇਵਾ ਕੇਂਦਰਾਂ ਨੂੰ ਖੋਲਨ ਦੇ ਫੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਲੋਕਾਂ ਨੂੰ ਵੱਡੀ ਰਾਹਤ ਮਿਲਣ ਦਾ ਦਾਅਵਾ ਕੀਤਾ ਹੈ। ਸਰਕਾਰ ਦੇ ਇਸ ਇਤਿਹਾਸਕ ਫੈਸਲੇ ਦਾ ਆਮ ਜਨਤਾ ਨੂੰ ਕਿੰਨਾ ਕੁ ਫਾਇਦਾ ਪੁੱਜਿਆ ਹੈ, ਉਸ ਦੀ ਅਸਲ ਤਸਵੀਰ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਪੱਤਰਕਾਰ ਵਲੋਂ ਵੱਖ-ਵੱਖ ਸੇਵਾ ਕੇਂਦਰਾਂ ਵਿੱਚ ਜਾਕੇ ਵੇਖਿਆ ਕਿ, ਐਤਵਾਰ ਵਾਲੇ ਦਿਨ ਸੁੰਨਸਾਨ ਪਏ ਇਨ੍ਹਾਂ ਸੁਵਿਧਾ ਕੇਂਦਰਾਂ ’ਚ ਅੱਧੀ ਸਮਰਥਾ ਨਾਲ ਮੁਲਾਜ਼ਮ ਤਾਂ ਹਾਜ਼ਰ ਸਨ ਪਰ ਉੱਥੇ ਕੰਮ ਕਰਵਾਉਣ ਲਈ ਕੋਈ ਵੀ ਵਿਅਕਤੀ ਨਹੀਂ ਆਇਆ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਹਮੇਸ਼ਾਂ ਭੀੜ ਨਾਲ ਭਰੇ ਰਹਿੰਦੇ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਪੂਰੀ ਤਰਾਂ ਸੁੰਨ ਪਸਰੀ ਹੋਈ ਸੀ। ਜੇਕਰ ਕਿਧਰੇ ਕੋਈ ਇੱਕਾ-ਦੁੱਕਾ ਵਿਅਕਤੀ ਕੰਮ ਕਰਵਾਉਣ ਲਈ ਆਇਆ ਵੀ ਤਾਂ ਉਸ ਨੂੰ ਅੱਜ ਛੁੱਟੀ ਵਾਲੇ ਦਿਨ ਵੀ ਸਰਕਾਰ ਵੱਲੋਂ ਸੇਵਾ ਕੇਂਦਰਾਂ ਨੂੰ ਖੁੱਲੇ ਰੱਖਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ। ਇਨ੍ਹਾਂ ਸੇਵਾਂ ਕੇਂਦਰਾਂ ਵਿੱਚ ਐਤਵਾਰ ਨੂੰ ਆਧਾਰ ਕਾਰਡ ਨਾਲ ਜੁੜੇ ਸਾਰੇ ਕੰਮ ਬੰਦ ਰੱਖੇ ਗਏ ਹੋਣ ਕਾਰਨ ਲੋਕਾਂ ਨੂੰ ਨਿਰਾਸ਼ ਹੋਕੇ ਵਾਪਸ ਪਰਤਣਾ ਪੈ ਰਿਹਾ ਸੀ।ਜਿਹੜੇ ਕੋਈ ਹੋਰ ਕੰਮ ਸਨ, ਉਨਾਂ ਵਿੱਚੋਂ ਵੀ ਬਹੁਤੇ ਲੋਕਾਂ ਦੇ ਕੰਮ ਬਾਕੀ ਦੇ ਸਰਕਾਰੀ ਦਫਤਰ ਬੰਦ ਹੋਣ ਕਾਰਨ ਲੱਟਕ ਗਏ ਸਨ। ਸਥਾਨਕ ਸੇਵਾ ਕੇਂਦਰ ’ਚ ਵੀ ਸਵੇਰ ਤੋਂ ਸਿਰਫ ਇੱਕ ਹੀ ਵਿਅਕਤੀ ਕੰਮ ਕਰਵਾਉਣ ਲਈ ਆਇਆ ਸੀ ਅਤੇ ਉਸ ਦੀ ਫਾਇਲ ਵੀ ਕਾਗਜਾਂ ਦੀ ਘਾਟ ਕਾਰਨ ਵਾਪਸ ਕੀਤੀ ਗਈ ਸੀ। ਹੁਣ ਜੇਕਰ ਇਹੀ ਅੱਜ ਸਰਕਾਰੀ ਕੰਮਕਾਰ ਵਾਲਾ ਦਿਨ ਹੁੰਦਾ ਤਾਂ ਉਹ ਅੱਜ ਹੀ ਆਪਣੀ ਫਾਈਲ ਦੀ ਘਾਟ ਪੂਰੀ ਕਰਕੇ ਮੁੜ ਸੇਵਾ ਕੇਂਦਰ ਵਿੱਚ ਜਮਾਂ ਕਰਵਾ ਸਕਦਾ ਸੀ।

PunjabKesari

ਇਹ ਵੀ ਪੜ੍ਹੋ : ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ, ਪਰਿਵਾਰ ਦਾ ਦੋਸ਼-ਡਾਕਟਰ ਨੇ ਲਾਇਆ ਗਲਤ ਇੰਜੈਕਸ਼ਨ

ਇੱਕ ਹੋਰ ਪਰਿਵਾਰ ਆਪਣੇ ਬੱਚਿਆਂ ਨੂੰ ਲੈ ਕੇ ਇਸ ਸੇਵਾ ਕੇਂਦਰ ਵਿੱਚ ਬੱਚਿਆਂ ਦੇ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਆਇਆ ਤਾਂ ਉਨਾਂ ਨੂੰ ਵੀ ਆਧਾਰ ਕਾਰਡ ਨਾਲ ਜੁੜੇ ਕੰਮ ਅੱਜ ਬੰਦ ਹੋਣ ਕਾਰਨ ਵਾਪਸ ਮੋੜ ਦਿੱਤਾ ਗਿਆ। ਇਸ ਪਰਿਵਾਰ ਨੇ ਦੱਸਿਆ ਕਿ ਉਹ ਤਾਂ ਉੱਚੇਚੇ ਤੌਰ ’ਤੇ ਬੱਚਿਆਂ ਦੀ ਸਕੂਲ ਛੁੱਟੀ ਹੋਣ ਕਾਰਨ ਸੇਵਾ ਕੇਂਦਰ ਖੁੱਲੇ ਹੋਣ ਦਾ ਲਾਹਾ ਲੈਣ ਲਈ ਆਏ ਸਨ ਪਰ ਜੇਕਰ ਇੱਥੇ ਛੁੱਟੀ ਵਾਲੇ ਦਿਨ ਕੰਮ ਹੀ ਨਹੀਂ ਹੋਣਾ ਤਾਂ ਲੋਕਾਂ ਨੂੰ ਸਰਕਾਰ ਦੇ ਇਸ ਫੈਸਲੇ ਦਾ ਕੋਈ ਲਾਭ ਨਹੀਂ ਹੋਇਆ, ਉਲਟਾ ਲੋਕਾਂ ਨੂੰ ਆਉਣ-ਜਾਣ ਦੀ ਪ੍ਰੇਸ਼ਾਨੀ ਹੀ ਵੱਧੀ ਹੈ।  ਓਧਰ ਜਦੋਂ ਸਮਰਾਲਾ ਸੇਵਾ ਕੇਂਦਰ ’ਚ ਹਾਜ਼ਰ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਹਾਲੇ ਬਹੁਤੇ ਲੋਕਾਂ ਨੂੰ ਹਫਤੇ ਦੇ 7 ਦਿਨ ਹੀ ਸੇਵਾ ਕੇਂਦਰ ਖੁੱਲੇ ਰਹਿਣ ਬਾਰੇ ਜਾਣਕਾਰੀ ਨਹੀਂ ਹੈ, ਜਿਸ ਕਾਰਨ ਸ਼ਨੀਵਾਰ ਅਤੇ ਐਤਵਾਰ ਨੂੰ ਕੰਮ ਕਰਵਾਉਣ ਲਈ ਘੱਟ ਲੋਕ ਆ ਰਹੇ ਹਨ। ਆਧਾਰ ਕਾਰਡ ਨਾਲ ਜੁੜੇ ਕੰਮ ਬੰਦ ਰੱਖੇ ਹੋਣ ਬਾਰੇ ਵੀ ਉਨ੍ਹਾਂ ਤਰਕ ਦਿੱਤਾ ਕਿ ਡਿਊਟੀ ਰੋਸਟਰ ਵਿੱਚ ਐਤਵਾਰ ਨੂੰ ਆਧਾਰ ਕਾਰਡ ਨਾਲ ਜੁੜੇ ਕੰਮ ਬੰਦ ਰੱਖੇ ਗਏ ਹਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Anuradha

Content Editor

Related News