ਇਲਾਕੇ ਦਾ ਇੱਕੋ ਸੇਵਾ ਕੇਂਦਰ ਚਲਦਾ ਹੋਣ ਕਾਰਨ ਕੰਮ ਕਰਾਉਣ ਲਈ ਹੋਣਾ ਪੈਂਦਾ ਲੋਕਾਂ ਨੂੰ ਖੱਜਲ

09/10/2021 12:16:55 PM

ਸਾਦਿਕ (ਪਰਮਜੀਤ): ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਚੱਲਦੇ ਸੇਵਾ ਕੇਂਦਰ ਬੰਦ ਹੋਣ ਕਾਰਨ ਅਤੇ ਸਾਦਿਕ ਦਾ ਇੱਕੋ-ਇੱਕ ਸੇਵਾ ਕੇਂਦਰ ਚੱਲਦਾ ਹੋਣ ਕਾਰਨ ਪਿੰਡਾਂ ਦੇ ਲੋਕਾਂ ਨੂੰ  ਆਪਣੇ ਕੰਮ ਕਰਾਉਣ ਲਈ ਖੱਜਲ-ਖੁਆਰ ਹੋਣਾ ਪੈਂਦਾ ਹੈ। ਹਾਜ਼ਰ ਲੋਕਾਂ ਨੇ ਦੱਸਿਆ ਕਿ ਆਪਣੇ ਕੰਮ ਦੀ ਵਾਰੀ ਲਈ ਸਵੇਰੇ ਛੇ ਵਜੇ ਲੋਕਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਕਿ ਦਫਤਰ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਦਾ ਹੈ। ਇੱਕ ਦੂਜੇ ਤੋਂ ਪਹਿਲਾਂ ਕੰਮ ਕਰਾਉਣ ਕਾਰਨ ਹੋਣ ਵਾਲੀ ਲੜਾਈ ਤੋਂ ਬਚਾਉਣ ਲਈ ਗੁਆਂਢੀ ਦੁਕਾਨਦਾਰ ਵੱਲੋਂ ਟੋਕਨ ਵੰਡੇ ਜਾਂਦੇ ਹਨ। ਸੇਵਾ ਕੇਂਦਰ ਖੁੱਲ੍ਹਣ ਤੋਂ ਪਹਿਲਾਂ ਹੀ ਵੱਡੀ ਭੀੜ ਜੁੜ ਜਾਂਦੀ ਹੈ। ਸਰਕਾਰ ਵੱਲੋਂ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜ਼ੀਫੇ ਪਾਉਣ ਦੇ ਐਲਾਨ ਤੋਂ ਬਾਅਦ ਮਾਪੇ ਆਮਦਨ, ਰਿਹਾਇਸ਼ੀ ਅਤੇ ਜਾਤੀ ਸਰਟੀਫਿਕੇਟ ਬਣਾਉਣ ਲਈ ਲੋਕ ਫਾਈਲਾਂ ਲੈ ਕੇ ਆਉਂਦੇ ਹਨ ਤੇ ਕਈਆਂ ਕੋਲ ਇੱਕ ਤੋਂ ਵੱਧ ਫਾਈਲਾਂ ਵੀ ਹੁੰਦੀਆਂ ਹਨ।

ਕੀ ਕਹਿੰਦਾ ਸਟਾਫ਼
ਇਸ ਸਬੰਧੀ ਜਦ ਸਥਾਨਕ ਸੇਵਾ ਕੇਂਦਰ ਦੇ ਗੁਰਵਿੰਦਰ ਸਿੰਘ, ਸੋਮਵੀਰ ਤੇ ਗੋਬਿੰਦਪਾਲ ਨਾਲ ਗਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਗਭਗ 30 ਪਿੰਡਾਂ ਦੇ ਲੋਕ ਕੰਮਾਂ ਲਈ ਇਥੇ ਆਉਂਦੇ ਹਨ ਤੇ ਅਸੀਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਲਗਭਗ 60 ਲੋਕਾਂ ਦੀਆਂ ਫਾਈਲਾਂ ਲੈਂਦੇ ਹਾਂ। ਕੇਂਦਰ ਵਿੱਚ ਆਮਦਨ, ਰਿਹਾਇਸ਼ੀ ਅਤੇ ਜਾਤੀ ਸਰਟੀਫਿਕੇਟ ਤੋਂ ਇਲਾਗਾ ਜਨਮ-ਮੌਤ ਸਰਟੀਫਿਕੇਟ, ਅਸਲਾ, ਪਾਸਪੋਰਟ, ਬਿਜਲੀ ਬਿੱਲ ਦੇ ਕੰਮ ਵੀ ਕਰ ਰਹੇ ਹਾਂ, ਪਰ ਫਰੀਦਕੋਟ ਦੇ ਨੇੜਲੇ ਪਿੰਡਾਂ ਦੇ ਲੋਕ ਵੀ ਫਰੀਦਕੋਟ ਜਾਣ ਦੀ ਬਜਾਏ ਸਾਦਿਕ ਆ ਰਹੇ ਹਨ ਜਿਸ ਕਾਰਨ ਭੀੜ ਜ਼ਿਆਦਾ ਹੋ ਜਾਂਦੀ ਹੈ। ਅਸੀਂ ਤਨਦੇਹੀ ਨਾਲ ਕੰਮ ਕਰ ਰਹੇ ਹਾਂ।


Shyna

Content Editor

Related News