ਨਿੱਜੀ ਸਕੂਲਾਂ ਖਿਲਾਫ ਆ ਰਹੀਆਂ ਸ਼ਿਕਾਇਤਾਂ ’ਤੇ ਸੈਕਟਰੀ ਐਜੂਕੇਸ਼ਨ ਨੇ ਵਰਤੀ ਸਖਤੀ

04/02/2019 5:55:10 AM

ਲੁਧਿਆਣਾ, (ਵਿੱਕੀ)- ਨਿੱਜੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ’ਚ ਦਾਖਲੇ ਲਈ ਚੱਕਰ  ਲਾ ਰਹੇ ਵਿਦਿਆਰਥੀਆਂ ਲਈ ਇਹ ਖਬਰ ਰਾਹਤ ਪ੍ਰਦਾਨ ਕਰਨ ਵਾਲੀ ਹੈ। ਹੁਣ ਜੇਕਰ ਕਿਸੇ ਵੀ  ਨਿੱਜੀ ਸਕੂਲ ਨੇ ਆਪਣੇ ਕਿਸੇ ਵਿਦਿਆਰਥੀ ਨੂੰ ਸਕੂਲ ਲੀਵਿੰਗ ਸਰਟੀਫਿਕੇਟ ਦੇਣ ’ਚ  ਆਨਾਕਾਨੀ ਕੀਤੀ ਤਾਂ ਉਕਤ ਸਕੂਲ ਦੀ ਮਾਨਤਾ ਰੱਦ ਕਰਵਾਉਣ ’ਚ ਸਿੱਖਿਆ ਵਿਭਾਗ ਦੇਰੀ ਨਹੀਂ  ਕਰੇਗਾ। ਉਕਤ ਹੁਕਮ ਸਿੱਖਿਆ ਵਿਭਾਗ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਜ਼ਿਲਾ ਸਿੱਖਿਆ  ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਹਨ, ਜੇਕਰ ਕੋਈ ਨਿੱਜੀ ਸਕੂਲ ਕਿਸੇ ਵਿਦਿਆਰਥੀ ਨੂੰ  ਸਕੂਲ ਲੀਵਿੰਗ ਸਰਟੀਫਿਕੇਟ ਦੇਣ ’ਚ ਬਿਨਾਂ ਵਜ੍ਹਾ ਦੇਰੀ ਕਰ ਕੇ ਵਿਦਿਆਰਥੀ ਨੂੰ  ਖੱਜਲ-ਖਰਾਬ ਕਰਦਾ ਹੈ ਤਾਂ ਉਕਤ ਸਕੂਲ ਦੇ ਬਾਰੇ ’ਚ ਤੁਰੰਤ ਲਿਖ ਕੇ ਭੇਜਿਆ ਜਾਵੇ ਤਾਂ ਜੋ  ਇਸ ਤਰ੍ਹਾਂ ਦੇ ਸਕੂਲ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਸਕੇ।  
ਸੈਕਟਰੀ ਨੇ ਸਾਰੇ ਸਕੂਲ  ਪ੍ਰਮੁੱਖਾਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੇਕਰ ਕੋਈ ਵਿਦਿਆਰਥੀ ਬਿਨਾਂ ਸਕੂਲ  ਲੀਵਿੰਗ ਸਰਟੀਫਿਕੇਟ ਦੇ ਸਰਕਾਰੀ ਸਕੂਲ ’ਚ ਦਾਖਲਾ ਲੈਣ ਆਉਂਦਾ ਹੈ ਤਾਂ ਉਸ ਨੂੰ ਅਡਮਿਸ਼ਨ  ਦੇਣ ਤੋਂ ਬਾਅਦ ਸਬੰਧਤ ਸਕੂਲ ਤੋਂ ਖੁਦ ਹੀ ਵਿਦਿਆਰਥੀ ਦਾ ਸਕੂਲ ਲੀਵਿੰਗ ਸਰਟੀਫਿਕੇਟ ਮੰਗ  ਲਿਆ ਜਾਵੇ। ਇਸ ਦੇ ਬਾਵਜੂਦ ਵੀ ਜੇਕਰ ਸਕੂਲ ਆਨਾਕਾਨੀ ਕਰੇ ਤਾਂ ਇਸ ਤਰ੍ਹਾਂ ਦੇ ਸਕੂਲ  ਖਿਲਾਫ ਅਨੁਸ਼ਾਸਨੀ ਕਾਰਵਾਈ ਆਪਣੇ ਪੱਧਰ ’ਤੇ ਵੀ ਸ਼ੁਰੂ ਕੀਤੀ ਜਾਵੇ। ਵਿਭਾਗ ਆਪਣੇ ਵੱਲੋਂ  ਸਬੰਧਤ ਸਕੂਲ ਬੋਰਡ ਨੂੰ ਸਕੂਲ ਦੀ ਮਾਨਤਾ ਰੱਦ ਕਰਨ ਦੀ ਸਿਫਾਰਿਸ਼ ਕਰੇਗਾ।   

Bharat Thapa

This news is Content Editor Bharat Thapa