‘ਖੁਸ਼ਹਾਲੀ ਦੇ ਰਾਖਿਆਂ’ ਕੋਰੋਨਾ ਰੋਕੂ ਵੈਕਸੀਨ ਦੀ ਦੂਜੀ ਡੋਜ਼ ਲਗਵਾਈ, ਲੋਕਾਂ ਨੂੰ ਕੀਤਾ ਜਾਗਰੂਕ

04/20/2021 6:19:38 PM

ਭਗਤਾ ਭਾਈ (ਪਰਮਜੀਤ ਢਿੱਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਫੌਜੀਆਂ ਦੀਆਂ ਸੇਵਾਵਾਂ ‘ਖੁਸ਼ਹਾਲੀ ਦੇ ਰਾਖੇ’ (ਜੀ. ਓ. ਜੀ.) ਦੇ ਤੌਰ ’ਤੇ ਪੰਜਾਬ ਦੇ ਹਰ ਪਿੰਡ ’ਚ ਲਈਆਂ ਜਾ ਰਹੀਆਂ ਹਨ। ਇਸੇ ਦੇ ਅਧੀਨ ਹੁਣ ਜੀ. ਓ. ਜੀਜ਼ ਦੀ ਪਿੰਡਾਂ ’ਚ ਕੋਰੋਨਾ ਰੋਕੂ ਵੈਕਸੀਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਡਿਊਟੀ ਲਗਾਈ ਗਈ ਹੈ। ਜ਼ਿਲ੍ਹਾ ਬਠਿੰਡਾ ਦੇ ਹੈੱਡ ਲੈਫਟੀਨੈਂਟ ਕਰਨਲ ਗੁਰਜੀਤ ਸਿੰਘ ਸਿੱਧੂ, ਅਸਿਸਟੈਂਟ ਜ਼ਿਲ੍ਹਾ ਹੈੱਡ ਵਿੰਗ ਕਮਾਂਡਰ ਮਲੂਕ ਸਿੰਘ, ਮੇਜਰ ਗਿਆਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਰੋਕੂ ਟੀਕਾਕਰਨ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਪਹਿਲਾਂ ਹਰ ਜੀ. ਓ. ਜੀ. ਆਪਣੇ ਇੰਜੈਕਸ਼ਨ ਲਗਵਾਏਗਾ ਤਾਂ ਕਿ ਲੋਕਾਂ ਨੂੰ ਜਾਗਰੂਕ ਕਰਨ ਵੇਲੇ ਆਪਣੀ ਉਦਾਹਰਣ ਦੇ ਸਕੇ ਅਤੇ ਲੋਕਾਂ ਵਿਚਕਾਰ ਫੈਲ ਰਹੀਆਂ ਗ਼ਲਤਫਹਿਮੀਆਂ ਨੂੰ ਦੂਰ ਕੀਤਾ ਜਾ ਸਕੇ।

ਇਸੇ ਅਧੀਨ ਰਾਮਪੁਰਾ ਫੂਲ ਦੇ ਤਹਿਸੀਲ ਹੈੱਡ ਲੈ. ਕਰਨਲ ਓ. ਪੀ. ਮਹਿਤਾ ਸਮੇਤ ਖੁਸ਼ਹਾਲੀ ਦੇ ਰਾਖਿਆਂ ਦੀ 29 ਮੈਂਬਰੀ ਟੀਮ ਨੇ ਕੋਰੋਨਾ ਰੋਕੂ ਵੈਕਸੀਨ ਦੀ ਦੂਜੀ ਡੋਜ਼ ਲਗਵਾਈ। ਇਸ ਮੌਕੇ ਤਹਿਸੀਲ ਹੈੱਡ ਨੇ ਦੱਸਿਆ ਕਿ ਕੋਰੋਨਾ ਰੋਕੂ ਵੈਕਸੀਨ ਦੀ ਪਹਿਲੀ ਡੋਜ਼ 19 ਮਾਰਚ ਨੂੰ ਲਗਵਾਈ ਸੀ। ਉਸ ਤੋਂ ਬਾਅਦ ਸਾਰੇ ਰਾਖਿਆਂ ਵੱਲੋਂ ਜੋ ਪਿੰਡ ਉਨ੍ਹਾਂ ਨੂੰ ਦਿੱਤੇ ਗਏ ਹਨ, ਵਿਚ ਜਾ ਕੇ ਲੋਕਾਂ ਨੂੰ ਆਪਣੀਆਂ ਉਦਾਹਰਣਾਂ ਦੇ ਕੇ ਜਾਗਰੂਕ ਕੀਤਾ ਗਿਆ ਅਤੇ ਟੀਕਾਕਰਨ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ ਗਈ। ਟੀਮ ਦੇ ਜਾਗਰੂਕ ਕਰਨ ਤੋਂ ਬਾਅਦ ਲੋਕ ਵੱਡੀ ਗਿਣਤੀ ’ਚ ਟੀਕਾਕਰਨ ਕਰਵਾਉਣ ’ਚ ਵਿਸ਼ਵਾਸ ਕਰਨ ਲੱਗੇ। ਟੀਮ ਹਮੇਸ਼ਾ ਹੀ ਹਰ ਵਰਗ ਦੇ ਫਾਇਦੇ ਲਈ ਨਿਯੁਕਤ ਕੀਤੀ ਗਈ ਹੈ ਅਤੇ ਲੋਕਾਂ ਦਾ ਟੀਮ ਉੱਪਰ ਅਥਾਹ ਵਿਸ਼ਵਾਸ ਹੈ। ਚਾਹੇ ਉਹ ਕਿਸਾਨ ਵਰਗ ਹੋਵੇ ਜਾਂ ਮਜ਼ਦੂਰ ਹੱਕਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਅਖੀਰ ’ਚ ਤਹਿਸੀਲ ਹੈੱਡ ਸਾਹਿਬ ਨੇ ਕੋਰੋਨਾ ਰੋਕੂ ਵੈਕਸੀਨ ਲਗਵਾਉਣ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਐੱਸ. ਐੱਮ. ਓ. ਰਾਜਪਾਲ ਸਿੰਘ, ਮੈਡਮ ਕਰਮਜੀਤ ਕੌਰ, ਮੈਡਮ ਜੀਤ ਕੌਰ ਤਹਿਸੀਲ ਸੁਪਰਵਾਈਜ਼ਰ, ਨਛੱਤਰ ਸਿੰਘ, ਗੁਰਸਾਹਿਬ ਸਿੰਘ ਅਤੇ ਤਹਿਸੀਲ ਰਾਮਪੁਰਾ ਫੂਲ ਦੀ ਸਾਰੀ ਜੀ. ਓ. ਜੀ. ਟੀਮ ਹਾਜ਼ਰ ਸੀ।


Manoj

Content Editor

Related News