ਐੱਸ.ਡੀ.ਐੱਮ ਵਲੋਂ ਅਨਾਜ ਮੰਡੀ ਦੇ ਵਿਕਾਸ ਕਾਰਜਾਂ ਦੀ ਅਚਨਚੇਤ ਚੈਕਿੰਗ

01/30/2020 5:36:52 PM

ਮਾਛੀਵਾੜਾ ਸਾਹਿਬ (ਟੱਕਰ): ਸਮਰਾਲਾ ਦੇ ਐੱਸ.ਡੀ.ਐੱਮ ਗੀਤਿਕਾ ਸਿੰਘ ਵਲੋਂ ਅੱਜ ਮਾਛੀਵਾੜਾ ਦੇ ਪਿੰਡ ਲੱਖੋਵਾਲ ਕਲਾਂ ਨੇੜੇ ਨਵੀਂ ਬਣ ਰਹੀ ਅਨਾਜ ਮੰਡੀ ਦੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ ਗਈ ਅਤੇ ਮੈਟੀਰੀਅਲ ਦੇ ਸੈਂਪਲ ਭਰ ਜਾਂਚ ਲਈ ਭੇਜੇ ਗਏ। ਐੱਸ.ਡੀ.ਐੱਮ. ਗੀਤਿਕਾ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੱਖੋਵਾਲ ਵਿਖੇ 17 ਏਕੜ 'ਚ ਬਣ ਰਹੀ ਨਵੀਂ ਅਨਾਜ ਮੰਡੀ 'ਚ ਚਾਰ ਦੀਵਾਰੀ ਅਤੇ ਫੜ੍ਹਾਂ ਦਾ ਨਿਰਮਾਣ ਚੱਲ ਰਿਹਾ ਹੈ ਜਿਸ ਸਬੰਧੀ ਉਨ੍ਹਾਂ ਮੌਕੇ 'ਤੇ ਆ ਕੇ ਅਚਨਚੇਤ ਚੈਕਿੰਗ ਕਰ ਮੈਟੀਰੀਅਲ ਦੇ ਸੈਂਪਲ ਭਰੇ ਤਾਂ ਜੋ ਪਤਾ ਲੱਗ ਸਕੇ ਕਿ ਨਿਰਮਾਣ ਗੁਣਵੱਤਾ ਪੱਖੋਂ ਸਹੀ ਹੈ ਜਾਂ ਨਹੀਂ।

ਉਨ੍ਹਾਂ ਇਹ ਦੱਸਿਆ ਕਿ ਸਮਰਾਲਾ ਸਬ-ਡਵੀਜ਼ਨ 'ਚ ਮੰਡੀ ਬੋਰਡ ਅਧੀਨ ਨਿਰਮਾਣ ਅਧੀਨ ਸੜਕਾਂ ਦਾ ਨਿਰੀਖਣ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਾਰਜ ਪਾਬੰਦ ਸਮੇਂ 'ਚ ਮੁਕੰਮਲ ਕਰ ਲਏ ਜਾਣ। ਐੱਸ.ਡੀ.ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਸਮਰਾਲਾ ਸਬ-ਡਵੀਜ਼ਨ ਅੰਦਰ ਪੈਂਦੇ ਪਿੰਡਾਂ 'ਚ ਜੋ ਮਗਨਰੇਗਾ ਤੇ ਗ੍ਰਾਂਟਾ ਅਧੀਨ ਕੰਮ ਚੱਲ ਰਹੇ ਹਨ ਉਨ੍ਹਾਂ ਦੀ ਵੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕੋਈ ਕੁਤਾਹੀ ਪਾਈ ਗਈ ਤਾਂ ਸਬੰਧਿਤ ਅਧਿਕਾਰੀ ਤੇ ਪੰਚਾਇਤ ਖਿਲਾਫ਼ ਬਣਦੀ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਐਸ.ਡੀ.ਐਮ ਗੀਤਿਕਾ ਸਿੰਘ ਨੇ ਅੱਜ ਮਾਛੀਵਾੜਾ ਦੇ ਵੇਅਰ ਹਾਊਸ, ਪਨਗ੍ਰੇਨ ਦੇ ਗੁਦਾਮਾਂ ਦੀ ਵੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੀ.ਸੀ.ਐਸ ਅਧਿਕਾਰੀ ਪਰਲੀਨ ਕੌਰ, ਸਕੱਤਰ ਸਮਰਾਲਾ ਸੁਰਿੰਦਰ ਕੁਮਾਰ ਆਦਿ ਵੀ ਮੌਜੂਦ ਸਨ।


Shyna

Content Editor

Related News