ਸਕਾਰਪੀਓ ਗੱਡੀ ਨੇ ਮਾਰੀ ਟੱਕਰ, ਸਾਬਕਾ ਸਰਪੰਚ ਸਮੇਤ 2 ਦੀ ਮੌਤ

08/08/2020 9:29:05 PM

ਕੋਟਕਪੂਰਾ,(ਨਰਿੰਦਰ)- ਬਠਿੰਡਾ ਰੋਡ ’ਤੇ ਸਥਿਤ ਪਿੰਡ ਢਿੱਲਵਾਂ ਕਲਾਂ ਨੇੜੇ ਕੋਠੇ ਰਾਮਸਰ ਵਿਖੇ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਦੀ ਟੱਕਰ ਨਾਲ ਸਾਈਕਲ ਸਵਾਰ ਸਾਬਕਾ ਸਰਪੰਚ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਮਾਮਲੇ ’ਚ ਥਾਣਾ ਸਦਰ ਪੁਲਸ ਵੱਲੋਂ ਗੱਡੀ ਚਾਲਕ ਪਿੰਡ ਬਰਗਾੜੀ ਨਿਵਾਸੀ ਅਕਾਸ਼ਦੀਪ ਸਿੰਘ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ’ਚ ਕੁਲਵੰਤ ਸਿੰਘ ਉਰਫ ਗੋਰਖਾ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਕੋਠੇ ਰਾਮਸਰ (ਢਿੱਲਵਾਂ ਕਲਾਂ) ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸਦਾ ਪਿਤਾ ਸਾਬਕਾ ਸਰਪੰਚ ਨੱਥਾ ਸਿੰਘ (70) ਖੇਤ ਚੱਕਰ ਲਗਾਉਣ ਤੋਂ ਬਾਅਦ ਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਨੇ ਉਸਦੇ ਪਿਤਾ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਅਤੇ ਉਸਦਾ ਪਿਤਾ 10-15 ਫੁੱਟ ਪਰਾਂ ਜਾ ਡਿੱਗਿਆ। ਉਸਨੇ ਦੱਸਿਆ ਕਿ ਇਸ ਤੋਂ ਬਾਅਦ ਚਾਲਕ ਨੇ ਗੱਡੀ ਉਸਦੇ ਘਰ ਦੇ ਨੇੜੇ ਹੀ ਟਾਹਲੀ ਦੀ ਛਾਂ ਹੇਠ ਆਪਣੇ ਘਰ ਦੇ ਬਾਹਰ ਬੈਠੇ ਬੂਟਾ ਸਿੰਘ ਅਤੇ ਉਸਦੀ ਪਤਨੀ ਬਿੰਦਰ ਕੌਰ ’ਤੇ ਚੜ੍ਹਾ ਦਿੱਤੀ। ਇਸ ਘਟਨਾ ਦੌਰਾਨ ਕੁਲਵੰਤ ਸਿੰਘ ਦੇ ਪਿਤਾ ਨੱਥਾ ਸਿੰਘ ਦੀ ਮੌਕੇ ੍ਯਤੇ ਹੀ ਮੌਤ ਹੋ ਗਈ ਜਦਕਿ ਬੂਟਾ ਸਿੰਘ ਅਤੇ ਬਿੰਦਰ ਕੌਰ ਨੂੰ ਇਲਾਜ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਅੱਜ ਬਿੰਦਰ ਕੌਰ ਦੀ ਵੀ ਮੌਤ ਹੋ ਗਈ। ਤਫਤੀਸ਼ੀ ਅਧਿਕਾਰੀ ਏ. ਐੱਸ. ਆਈ . ਹਾਕਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਦੋਨਾਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਹਾਦਸੇ ਨੂੰ ਅੰਜ਼ਾਮ ਦੇਣ ਵਾਲੀ ਗੱਡੀ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Bharat Thapa

Content Editor

Related News