ਸਕੂਲਾਂ-ਕਾਲਜਾਂ ''ਚ ਆਉਣ ਦੀ ਥਾਂ ਅਧਿਆਪਕ ਘਰ ਬੈਠ ਬੱਚਿਆਂ ਨੂੰ ਪੜ੍ਹਾਉਣ: ਸਮਾਜ ਸੇਵੀ

05/04/2021 9:31:15 PM

ਬੁਢਲਾਡਾ (ਮਨਜੀਤ)- ਪੂਰੇ ਭਾਰਤ ਦੇ ਨਾਲ-ਨਾਲ ਪੰਜਾਬ ਵਿੱਚ ਵੀ ਕੋਰੋਨਾ ਮਹਾਂਮਾਰੀ ਖਤਰਨਾਕ ਰੂਪ ਧਾਰ ਚੁੱਕੀ ਹੈ। ਭਾਰਤ ਦੇ ਕਈ ਰਾਜਾਂ ਵਿੱਚ ਲਾਕਡਾਊਨ ਲਾਇਆ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਨੇ ਵੀ ਕਾਫ਼ੀ ਸਖ਼ਤੀਆਂ ਕੀਤੀਆਂ ਹਨ। ਇਨ੍ਹਾਂ ਸਖ਼ਤੀਆਂ ਅਧੀਨ ਹੀ ਸਕੂਲਾਂ-ਕਾਲਜਾਂ ਨੂੰ ਬੰਦ ਕੀਤਾ ਗਿਆ ਹੈ ਪਰ ਸਕੂਲ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸਕੂਲਾਂ ਕਾਲਜਾਂ ਵਿੱਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।  ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੋਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਇਕ ਅਨੁਮਾਨ ਅਨੁਸਾਰ ਜੇਕਰ ਪੰਜਾਬ ਵਿਚ 50,000 ਸਕੂਲ ਕਾਲਜ ਹਨ ਤਾਂ 5 ਲੱਖ ਦੇ ਕਰੀਬ ਅਧਿਆਪਕ ਹੋਣਗੇ ਤਾਂ ਹਰ ਰੋਜ਼ ਇਹ 5 ਲੱਖ ਅਧਿਆਪਕ ਸਫ਼ਰ ਕਰ ਰਿਹਾ ਹੈ ਅਤੇ ਇਕ ਅਧਿਆਪਕ ਦੇ ਘਰ ਵਿਚ ਪੰਜ ਪਰਿਵਾਰਕ ਮੈਂਬਰ ਹਨ ਤਾਂ ਹਰ ਰੋਜ਼ ਪੰਜ ਲੱਖ ਬੰਦਾ ਇੱਕ ਦੂਜੇ ਦੇ ਸੰਪਰਕ ਵਿਚ ਆ ਰਿਹਾ ਹੈ। ਇਸ ਚੇਨ ਨੂੰ ਅੱਗੇ ਦੇਖਿਆ ਜਾਵੇ ਤਾਂ ਜੇ ਇਹ ਅੱਗੇ ਪੰਜ-ਪੰਜ ਬੰਦਿਆਂ ਦੇ ਸੰਪਰਕ 'ਚ ਆਉਂਦੇ ਹਨ ਤਾਂ ਲੱਖਾਂ ਲੋਕ ਇਕ ਦੂਜੇ ਦੇ ਸੰਪਰਕ ਵਿੱਚ ਆ ਰਹੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰ ਇਸ ਚੇਨ ਨੂੰ ਤੋੜ ਨਹੀਂ ਸਕਦੀ ? ਕਾਂਗਰਸ ਪਾਰਟੀ ਦੇ ਸੀਨੀਅਰੀ ਨੇਤਾ ਰਣਜੀਤ ਸਿੰਘ ਦੋਦੜਾ ਨੇ ਕਿਹਾ ਹੈ ਕਿ ਜਦ ਸਕੂਲਾਂ ਕਾਲਜਾਂ ਦੇ ਬੱਚੇ ਸਕੂਲਾਂ ਕਾਲਜਾਂ ਵਿਚ ਆ ਹੀ ਨਹੀਂ ਰਹੇ ਹਨ ਤਾਂ ਅਧਿਆਪਕਾਂ ਨੂੰ ਸਕੂਲਾਂ-ਕਾਲਜਾਂ ਵਿੱਚ ਕਿਉਂ ਬੁਲਾਇਆ ਜਾ ਰਿਹਾ ਹੈ। ਇਹ ਅਧਿਆਪਕ ਘਰ ਤੋਂ ਆਨਲਾਈਨ ਕਲਾਸਾਂ ਲਗਾ ਸਕਦੇ ਹਨ। ਇਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਤੇ ਕਾਲਜ ਵਿਚ ਬੁਲਾਉਣ ਦਾ ਕੀ ਮਤਲਬ ਹੈ ? ਕੀ ਇਸ ਦਾ ਹੱਲ 10 % ਸਟਾਫ਼ ਨੂੰ ਬੁਲਾ ਕਿ ਨਹੀਂ ਕੀਤਾ ਜਾ ਸਕਦਾ? ਉੱਘੇ ਸਿੱਖਿਆ ਸ਼ਾਸਤਰੀ ਡਾ ਬਲਦੇਵ ਸਿੰਘ ਦੋਦੜਾ ਨੇ ਕਿਹਾ ਹੈ ਕਿ ਜਦ ਪੂਰੇ ਭਾਰਤ ਵਿੱਚ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਹਨ ਤਾਂ ਇਨ੍ਹਾਂ ਅਧਿਆਪਕਾਂ ਨੂੰ ਬਿਨਾਂ ਕਿਸੇ ਕਾਰਨ ਤੋਂ ਸਕੂਲਾਂ ਕਾਲਜਾਂ ਵਿੱਚ ਬੁਲਾਉਣ ਦਾ ਕੀ ਮਤਲਬ ਹੈ ? ਜਦ ਅਧਿਆਪਕਾਂ ਨੇ ਪੜ੍ਹਾਉਣਾ ਹੀ ਆਨਲਾਈਨ ਹੈ ਤਾਂ ਇਨ੍ਹਾਂ ਨੂੰ ਸਕੂਲਾਂ ਕਾਲਜਾਂ ਚ ਬੁਲਾ ਕੇ ਕੀ ਕੋਰੋਨਾ ਨੂੰ ਵਧਾਇਆ ਨਹੀਂ ਜਾ ਰਿਹਾ ? ਜਾਂ ਸਰਕਾਰ ਇਹ ਸੋਚਦੀ ਹੈ ਕਿ ਇਨ੍ਹਾਂ ਅਧਿਆਪਕਾਂ ਨੂੰ ਘਰ ਬੈਠਿਆਂ ਨੂੰ ਤਨਖ਼ਾਹ ਨਹੀਂ ਦੇਣੀ, ਭਾਵੇਂ ਇਸ ਕਾਰਨ ਅਧਿਆਪਕ ਕੋਰੋਨਾ ਦਾ ਸ਼ਿਕਾਰ ਹੋ ਜਾਣ ਅਤੇ ਕੋਰੋਨਾ ਦਾ ਹੋਰ ਭਿਆਨਕ ਰੂਪ ਸਮਾਜ ਵਿਚ ਫੈਲ ਜਾਵੇ । ਉਨ੍ਹਾਂ ਕਿਹਾ ਅਧਿਆਪਕ ਕਰੋਨਾ ਦੇ ਖ਼ਤਰੇ ਕਾਰਨ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋ ਰਹੇ ਹਨ।  ਉਨ੍ਹਾਂ ਕਿਹਾ ਸਭ ਤੋਂ ਪਹਿਲਾਂ ਸਮਾਜ ਨੂੰ ਕਰੋਨਾ ਤੋਂ ਬਚਾਉਣਾ ਜ਼ਰੂਰੀ ਹੈ। 
  ਉੱਘੇ ਵਪਾਰੀ ਸ਼ਾਮ ਲਾਲ ਧਲੇਵਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਨੂੰ ਡਿਊਟੀ ਤੇ ਬੁਲਾਉਣ ਦਾ ਤਰੀਕਾ ਤਰਕਸੰਗਤ ਕੀਤਾ ਜਾਵੇ  ਤਾਂ ਜੋ ਇਹ ਅਧਿਆਪਕ ਵੀ ਕੋਰੋਨਾ ਤੋਂ ਬਚ ਸਕਣ ਅਤੇ ਅੱਗੇ ਕਰੋਨਾ ਫੈਲਾਉਣ ਦਾ ਕਾਰਨ ਵੀ ਨਾ  ਬਣਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਹਾਲਾਤ ਠੀਕ ਹੋਣ ਤੋਂ ਬਾਅਦ ਸਕੂਲਾਂ ਦਾ ਸਮਾਂ ਵਧਾਇਆ ਜਾ ਸਕਦਾ ਹੈ ਅਤੇ ਹੋਣ ਵਾਲੀਆਂ ਛੁੱਟੀਆਂ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ। ਜਿਸ ਨਾਲ ਬੱਚਿਆਂ ਦੇ ਹੋਏ ਪੜ੍ਹਾਈ ਦੇ ਨੁਕਸਾਨ ਨੂੰ ਪੂਰਾ ਕੀਤਾ ਜਾ ਸਕਦਾ ਹੈ ।


Bharat Thapa

Content Editor

Related News