ਸਕੂਲ-ਕਾਲਜ ਖੁੱਲ੍ਹਦੇ ਹੀ ਕੋਰੋਨਾ ਨੇ ਦਿੱਤੀ ਦਸਤਕ, 2 ਦਿਨ ’ਚ 11 ਪਾਜ਼ੇਟਿਵ ਮਾਮਲੇ

11/20/2020 1:17:42 AM

ਬਠਿੰਡਾ,(ਵਰਮਾ)- ਜ਼ਿਲ੍ਹੇ ’ਚ ਫਿਰ ਤੋਂ ਕੋਰੋਨਾ ਮਹਾਮਾਰੀ ਦਾ ਅਸਰ ਵਧਦਾ ਜਾ ਰਿਹਾ ਹੈ। ਕੋਰੋਨਾ ਕਾਲ ’ਚ ਜ਼ਿਲ੍ਹੇ ’ਚ ਖੁੱਲ੍ਹੇ ਸਕੂਲ-ਕਾਲਜਾਂ ਨੇ ਸਿਹਤ ਵਿਭਾਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ। ਉਥੇ ਬੀਤੇ ਬੁੱਧਵਾਰ ਨੂੰ ਜ਼ਿਲ੍ਹੇ ’ਚ 4 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ ਦਮ ਤੋੜਿਆ ਸੀ, ਜਦਕਿ ਵੀਰਵਾਰ ਨੂੰ ਕੋਰੋਨਾ ਨਾਲ ਔਰਤ ਸਣੇ 2 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਸਿੱਖਿਆ ਵਿਭਾਗ ’ਚ ਪਿਛਲੇ 2 ਦਿਨਾਂ ’ਚ ਜਿੱਥੇ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਰਹੇ ਹਨ,ਉਥੇ ਵੀਰਵਾਰ ਨੂੰ ਸ਼ਹਿਰ ’ਚ ਬੀਬੀਵਾਲਾ ਰੋਡ ਸਥਿਤ ਡੀ. ਏ. ਵੀ. ਕਾਲਜ ’ਚ 7 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ, ਜਦਕਿ ਇਕ ਮਾਮਲਾ ਸਰਕਾਰੀ ਪੋਲੀਟੈਕਨੀਕਲ ਕਾਲਜ ’ਚ ਅਤੇ ਤਿੰਨ ਸਿੱਖਿਆ ਵਿਭਾਗ ਦੇ ਮਿੰਨੀ ਸਕੱਤਰੇਤ ’ਚ ਸਥਿਤ ਦਫਤਰ ’ਚ ਮਿਲੇ ਹਨ। ਇਸ ਤਰ੍ਹਾਂ 11 ਮਾਮਲੇ ਸਿੱਖਿਆ ਨਾਲ ਜੁੜੇ ਸਥਾਨਾਂ ਅਤੇ ਦਫਤਰਾਂ ’ਚ ਸਾਹਮਣੇ ਆਏ ਹਨ। ਸੂਬਾ ਸਰਕਾਰ ਵਲੋਂ ਪਿਛਲੇ ਮਹੀਨੇ 9ਵੀਂ ਅਤੇ 12ਵੀਂ ਕਲਾਸਾਂ ਅਤੇ ਬਾਅਦ ’ਚ ਕਾਲਜਾਂ ਨੂੰ ਤਹਿ ਨਿਯਮਾਂ ਦੇ ਤਹਿਤ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਕੋਰੋਨਾ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਿਆ। ਇਸ ਸਥਿਤੀ ’ਚ ਹੁਣ ਸਿੱਖਿਆ ਸੰਸਥਾਵਾਂ ’ਚ ਪਹੁੰਚ ਰਹੇ ਬੱਚਿਆਂ ਨੂੰ ਮਾਸਕ ਪਹਿਨਣ ਤੋਂ ਲੈ ਕੇ ਦੂਸਰਿਆਂ ਹਦਾਇਤਾਂ ਦਾ ਸਖਤੀ ਨਾਲ ਪਾਲਣਾ ਕਰਨ ’ਚ ਦਿੱਕਤ ਆ ਰਹੀ ਹੈ।

ਉਥੇ ਵੀਰਵਾਰ ਨੂੰ ਕੋਰੋਨਾ ਕਾਰਨ ਬਠਿੰਡਾ ’ਚ ਹਨੂਮਾਨਗੜ੍ਹ ਵਾਸੀ ਇਕ 79 ਸਾਲਾ ਵਿਅਕਤੀ ਨੂੰ 14 ਨਵੰਬਰ ਨੂੰ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ 65 ਸਾਲਾ ਪਿੰਡ ਕੋਟਸ਼ਮੀਰ ਵਾਸੀ ਇਕ ਔਰਤ ਨੂੰ ਵੀ 15 ਨਵੰਬਰ ਨੂੰ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੀ ਹੈਲਪਲਾਈਨ ਟੀਮ ਟੇਕ ਚੰਦ, ਅਰਜੁਨ ਕੁਮਾਰ, ਰਾਜਿੰਦਰ ਕੁਮਾਰ, ਗੌਤਮ ਗੋਇਲ ਆਦਿ ਨੇ ਦੋਵਾਂ ਲਾਸ਼ਾਂ ਨੂੰ ਸ਼ਮਸ਼ਾਨਘਾਟ ਪਹੁੰਚਾਇਆ ਅਤੇ ਬਾਅਦ ’ਚ ਪੀ. ਪੀ. ਈ. ਕਿੱਟਾਂ ਪਾ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।


Bharat Thapa

Content Editor

Related News