ਸੂਬੇ ''ਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਕੂਲ ਬੱਸਾਂ ''ਤੇ ਕਾਰਵਾਈ ਜਾਰੀ

03/05/2020 10:35:18 PM

ਚੰਡੀਗੜ੍ਹ,(ਰਮਨਜੀਤ)- ਗੈਰ-ਕਾਨੂੰਨੀ ਢੰਗ ਨਾਲ ਚੱਲਣ ਵਾਲੀਆਂ ਸਕੂਲ ਬੱਸਾਂ ਅਤੇ ਸੇਫ ਸਕੂਲ ਵਾਹਨ ਸਕੀਮ ਦੀ ਪਾਲਣਾ ਨਾ ਕਰਨ ਵਾਲੀਆਂ ਬੱਸਾਂ ਵਿਰੁੱਧ 4 ਮਾਰਚ ਨੂੰ ਵੀ ਮੁਹਿੰਮ ਜਾਰੀ ਰੱਖੀ ਗਈ। ਇਸ ਦੌਰਾਨ ਵਿਭਾਗ ਨੇ ਸੂਬੇ 'ਚ 1015 ਵਾਹਨਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚੋਂ 374 ਵਾਹਨਾਂ ਦੇ ਚਲਾਨ ਕੀਤੇ ਗਏ, ਜਦਕਿ 29 ਵਾਹਨ ਜ਼ਬਤ ਕਰ ਲਏ ਗਏ।

ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਦੇ ਆਪਸੀ ਤਾਲਮੇਲ ਨਾਲ ਸੂਬੇ 'ਚ ਨਿਰਧਾਰਿਤ ਨਿਯਮਾਂ ਅਤੇ ਕਾਨੂੰਨ ਦੀ ਉਲੰਘਣਾ ਕਰ ਕੇ ਚੱਲ ਰਹੇ ਸਕੂਲੀ ਵਾਹਨਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸਖ਼ਤ ਕਾਰਵਾਈ ਵਿੱਢੀ ਹੈ। 4 ਮਾਰਚ ਨੂੰ ਖੇਤਰੀ ਟ੍ਰਾਂਸਪੋਰਟ ਅਥਾਰਟੀਜ਼ ਦੇ ਸਕੱਤਰਾਂ, ਸਹਾਇਕ ਟ੍ਰਾਂਸਪੋਰਟ ਕਮਿਸ਼ਨਰ, ਸਬ ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮਜ਼) ਦੀਆਂ ਟੀਮਾਂ ਨੇ ਕੁੱਲ 1015 ਵਾਹਨਾਂ ਦੀ ਜਾਂਚ ਕੀਤੀ, ਜਿਨ੍ਹਾਂ 'ਚੋਂ 374 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 29 ਨੂੰ ਮੋਟਰ ਵ੍ਹੀਕਲ ਐਕਟ ਅਤੇ ਸਕੂਲ ਵਾਹਨ ਸਕੀਮ ਦੇ ਲੋੜੀਂਦੇ ਮਾਪਦੰਡਾਂ ਦੀ ਪਾਲਣਾ ਨਾ ਕਰਨ ਤਹਿਤ ਜ਼ਬਤ ਕਰ ਲਿਆ ਗਿਆ।