ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦੇ ਘਪਲੇ 'ਚ ਕਲੀਨ ਚਿੱਟ ਦੇਣਾ ਦਲਿਤਾਂ ਨਾਲ ਬੇਇਨਸਾਫੀ: ਤਲਵਿੰਦਰ ਮਾਨ

10/08/2020 1:57:33 PM

ਭਵਾਨੀਗੜ੍ਹ (ਕਾਂਸਲ): ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦੇ ਪੈਸਿਆਂ ਦੇ ਕਥਿਤ ਘੁਟਾਲੇ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਫਰਜ਼ੀ ਕਲੀਨ ਚਿੱਟ ਦਿੱਤੇ ਜਾਣ ਕਾਰਨ ਦਲਿਤ ਭਾਈਚਾਰੇ 'ਚ ਕਾਂਗਰਸ ਸਰਕਾਰ ਪ੍ਰਤੀ ਸਖ਼ਤ ਰੋਸ ਦੀ ਲਹਿਰ ਪਾਈ ਜਾ ਰਹੀ ਹੈ।ਇਸ ਦੇ ਚੱਲਦਿਆਂ ਦਲਿਤ ਜਥੇਬੰਦੀਆਂ ਅਤੇ ਸੰਤ ਸਮਾਜ ਵਲੋਂ ਜੋ ਇਸ ਕਲੀਨ ਚਿੱਟ ਦੇ ਵਿਰੁੱਧ 10 ਅਕਤੂਬਰ ਨੂੰ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਉਸ 'ਚ ਲੋਕ ਇਨਸਾਫ ਪਾਰਟੀ ਵਲੋਂ ਵੀ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਲੋਕ ਇਨਸਾਫ ਪਾਰਟੀ (ਯੂਥ ਵਿੰਗ) ਦੇ ਕੌਮੀ ਪ੍ਰਧਾਨ ਤਲਵਿੰਦਰ ਸਿੰਘ ਮਾਨ ਵਲੋਂ ਹਲਕਾ ਸੰਗਰੂਰ ਦੇ ਪਿੰਡ ਭੱਟੀਵਾਲ ਕਲਾਂ ਵਿਖੇ ਰਵਿਦਾਸੀਆ ਧਰਮਸ਼ਾਲਾ 'ਚ ਦਲਿਤ ਭਾਈਚਾਰੇ ਨਾਲ ਸਬੰਧਤ ਨੌਜਵਾਨਾਂ ਨੂੰ ਲਾਮਬੰਦ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਥਿਤ ਭ੍ਰਿਸ਼ਟ ਮੰਤਰੀ ਧਰਮਸੋਤ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਰੱਖਿਆ ਹੈ ਅਤੇ ਇਸੇ ਕਰਕੇ ਹੀ ਧਰਮਸੋਤ ਆਪਣੀ ਹੀ ਸਰਕਾਰ ਦੇ ਸੀਨੀਅਰ ਆਈ.ਏ. ਐੱਸ. ਅਧਿਕਾਰੀ ਵਲੋਂ ਆਪਣੀ ਰਿਪੋਰਟ 'ਚ ਘੁਟਾਲਾ ਉਜਾਗਰ ਹੋਣ ਦੇ ਬਾਵਜੂਦ ਵੀ ਧਰਮਸੋਤ ਨੂੰ ਇਕ ਫਰਜ਼ੀ ਜਾਂਚ ਕਰਵਾ ਕੇ ਇਸ ਮਾਮਲੇ 'ਚੋਂ ਕਲੀਨ ਚਿੱਟ ਦਿਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਬਣਦੇ ਹੱਕ ਲੈ ਕੇ ਦੇਣ ਲਈ ਵਚਨਬੱਧ ਹੈ ਅਤੇ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਆਪਣੇ ਭ੍ਰਿਸ਼ਟ ਮੰਤਰੀ ਨੂੰ ਪੰਜਾਬ ਕੈਬਨਿਟ 'ਚੋਂ ਚੱਲਦਾ ਨਹੀਂ ਕਰਦਾ ਅਤੇ ਇਸ ਘਪਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਤੋਂ ਨਹੀਂ ਕਰਵਾਉਂਦਾ ਉਦੋਂ ਤੱਕ ਲੋਕ ਇਨਸਾਫ ਪਾਰਟੀ ਵਲੋਂ ਸੰਘਰਸ਼ ਜਾਰੀ ਰਹੇਗਾ।

ਇਸ ਲਈ ਭਾਵੇਂ ਉਨ੍ਹਾਂ ਨੂੰ ਕੋਈ ਵੀ ਤਸ਼ੱਦਦ ਆਪਣੇ ਤੇ ਹੰਢਾਉਣਾ ਪਵੇ ਤੇ ਚਾਹੇ ਜੇਲ੍ਹ ਯਾਤਰਾ ਕਰਨੀ ਪਵੇ ਪਰ ਉਹ ਆਪਣੇ ਇਸ ਸਟੈਂਡ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਵਾਉਣ ਲਈ ਲੋਕ ਇਨਸਾਫ ਪਾਰਟੀ ਲਗਾਤਾਰ ਸੰਘਰਸ਼ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਹੀ ਮੋਤੀ ਮਹਿਲ ਦੇ ਘਿਰਾਓ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਉੱਪਰ ਅਣਮਨੁੱਖੀ ਤਸ਼ੱਦਤ ਕਰਨਾ ਵੀ ਸ਼ਾਮਲ ਹੈ।ਹੁਣ ਲੋਕ ਇਨਸਾਫ ਪਾਰਟੀ ਤਿੰਨ ਟਾਇਰ, ਦੋ ਪੈਰ, ਸਾਧੂ ਤੇਰੀ ਨਹੀਂ ਖੈਰ“ਦੇ ਬੈਨਰ ਹੇਠਾਂ ਪੰਜਾਬ ਦੇ ਵੱਖ-ਵੱਖ ਹਲਕਿਆਂ 'ਚ ਦਲਿਤ ਭਾਈਚਾਰੇ ਨੂੰ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਗਏ ਬਹੁ ਕਰੋੜੀ ਘਪਲੇ ਸਬੰਧੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੀ ਗਈ ਫਰਜ਼ੀ ਕਲੀਨ ਚਿੱਟ ਸਬੰਧੀ ਜਾਗਰੂਕ ਕਰ ਰਹੀ ਹੈ।ਉਨ੍ਹਾਂ ਦਲਿਤ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕ ਇਨਸਾਫ ਪਾਰਟੀ ਦਾ ਸਾਥ ਦੇਣ ਤੇ ਕਾਂਗਰਸ ਪਾਰਟੀ ਦਾ ਬਾਈਕਾਟ ਕਰਕੇ ਸਰਕਾਰ ਨੂੰ ਮਜਬੂਰ ਕਰਨ ਕਿ ਕਾਂਗਰਸ ਆਪਣੇ ਸਪੱਸ਼ਟ ਮੰਤਰੀ ਨੂੰ ਕੈਬਨਿਟ 'ਚੋਂ ਚੱਲਦਾ ਕਰੇ।


Shyna

Content Editor

Related News