ਗੁਰਦੁਆਰਾ ਸਾਹਿਬ ਲਈ ਸੋਲਰ ਪੈਨਲ ਤੇ ਦੇਸੀ ਘਿਉ ਖਰੀਦ ਕਰਨ ਦੇ ਮਾਮਲੇ ’ਚ ਕੀਤਾ ਘਪਲਾ, ਮਾਮਲਾ ਦਰਜ

09/14/2023 4:22:32 PM

ਮੋਗਾ (ਆਜ਼ਾਦ)- ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਨਿਵਾਸੀ ਮਹਿੰਦਰ ਸਿੰਘ ਨੇ ਪਿੰਡ ਵਿੱਚ ਸਥਿਤ ਪੰਥਕ ਗੁਰਦੁਆਰਾ ਬਾਬਾ ਵਿਸਾਖਾ ਸਿੰਘ ਦੇ ਪ੍ਰਧਾਨ ਅਤੇ ਉਨ੍ਹਾਂ ਦੇ ਦੋ ਸਾਥੀਆਂ ’ਤੇ ਗੁਰਦੁਆਰਾ ਸਾਹਿਬ ਵਿੱਚ ਸੋਲਰ ਪੈਨਲ ਲਗਾਉਣ ਤੋਂ ਇਲਾਵਾ ਦੇਸੀ ਘਿਉ ਦੀ ਖਰੀਦ ਕਰਨ ਦੇ ਮਾਮਲੇ ਵਿੱਚ ਲੱਖਾਂ ਰੁਪਏ ਦਾ ਘਪਲਾ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਜੀਰ ਸਿੰਘ, ਉਪ ਪ੍ਰਧਾਨ ਚਮਕੌਰ ਸਿੰਘ ਅਤੇ ਕੈਸ਼ੀਅਰ ਰਣਜੀਤ ਸਿੰਘ ਸਾਰੇ ਨਿਵਾਸੀ ਪਿੰਡ ਕਿਸ਼ਨਪੁਰਾ ਕਲਾਂ ਖ਼ਿਲਾਫ਼ ਥਾਣਾ ਧਰਮਕੋਟ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਮਹਿੰਦਰ ਸਿੰਘ ਨੇ ਕਿਹਾ ਕਿ ਬੀਤੀ 2017 ਤੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ 18 ਮੈਂਬਰੀ ਪ੍ਰਬੰਧਕ ਕਮੇਟੀ ਨਿਯੁਕਤ ਕਰ ਕੇ ਵਜੀਰ ਸਿੰਘ ਨੂੰ ਪ੍ਰਧਾਨ, ਚਮਕੌਰ ਸਿੰਘ ਨੂੰ ਉਪ ਪ੍ਰਧਾਨ ਅਤੇ ਰਣਜੀਤ ਸਿੰਘ ਨੂੰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਸ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿੱਚ ਸੋਲਰ ਸਿਸਟਮ ਲਗਾਉਣ ਲਈ ਇਨ੍ਹਾਂ ਨੇ 19 ਕਿੱਲੋ ਵਾਟ ਲੰਗਰ ਹਾਲ, 11 ਕਿੱਲੋ ਵਾਟ ਦੀਵਾਨ ਹਾਲ ਅਤੇ ਇਕ ਬਿਜਲੀ ਮੋਟਰ 10 ਕਿੱਲੋ ਵਾਟ ਦੀ ਖਰੀਦ ਕੀਤੀ, ਜਿਸ ’ਤੇ 41 ਲੱਖ, 83 ਹਜ਼ਾਰ 733 ਰੁਪਏ ਦਾ ਬਿੱਲ ਤਿਆਰ ਕਰਵਾ ਕੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਖਾਤੇ ਵਿੱਚ ਪਾ ਦਿੱਤਾ। 

ਇਹ ਵੀ ਪੜ੍ਹੋ : RBI ਨੇ ਗਾਹਕਾਂ ਨੂੰ ਦਿੱਤੀ ਵੱਡੀ ਰਾਹਤ, ਲੋਨ ਨੂੰ ਲੈ ਕੇ ਬੈਂਕਾਂ ਨੂੰ ਜਾਰੀ ਕੀਤੇ ਇਹ ਸਖ਼ਤ ਹੁਕਮ

ਜਾਂਚ ਸਮੇਂ ਪਤਾ ਲੱਗਾ ਕਿ ਉਕਤ ਸਾਰੇ ਸਾਮਾਨ ਦੀ ਕੀਮਤ 26 ਲੱਖ ਰੁਪਏ ਦੇ ਕਰੀਬ ਬਣਦੀ ਹੈ, ਜਦਕਿ ਬਿੱਲ 'ਚ ਕਰੀਬ 16 ਲੱਖ ਰੁਪਏ ਜ਼ਿਆਦਾ ਦਰਸਾਏ ਗਏ। ਕਥਿਤ ਦੋਸ਼ੀਆਂ ਵੱਲੋਂ ਬਿੱਲ ਦੇ ਮੁਤਾਬਕ 115 ਸੋਲਰ ਪੈਨਲ ਦਿਖਾਏ ਗਏ, ਜਿਸ ਵਿੱਚ 24 ਪੈਨਲ ਜ਼ਿਆਦਾ ਦਰਜ ਕੀਤੇ ਗਏ ਹਨ। ਇਸ ਤਰ੍ਹਾਂ 4 ਬੈਟਰੀਆਂ ਲਗਾਈਆਂ ਗਈਆਂ, ਜਦਕਿ 8 ਬੈਟਰੀਆਂ ਦਾ ਬਿੱਲ ਦਿੱਤਾ ਗਿਆ। ਇਸ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਹੋਏ ਇਕ ਸਮਾਗਮ ਦੌਰਾਨ 50 ਟੀਨ ਦੇਸੀ ਘਿਉ ਮਾਰਕਾ ਟੂਡੇ 23 ਅਗਸਤ 2023 ਨੂੰ ਖਰੀਦ ਕੀਤੇ ਗਏ। ਬਿੱਲ ਦੇ ਮੁਤਾਬਿਕ 8500 ਰੁਪਏ ਪ੍ਰਤੀ ਟੀਨ ਲਿਖਵਾਇਆ ਗਿਆ, ਜਦਕਿ ਬਾਜ਼ਾਰ ’ਚ ਕੀਮਤ 8 ਹਜ਼ਾਰ ਰੁਪਏ ਪ੍ਰਤੀ ਟੀਨ ਹੈ। 

ਇਹ ਵੀ ਪੜ੍ਹੋ : ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ iPhones ਇੰਨੇ ਮਹਿੰਗੇ ਕਿਉਂ ਹਨ? ਜਾਣੋ 3 ਵੱਡੇ ਕਾਰਨ

ਇਸ ਤਰ੍ਹਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਵੱਲੋਂ ਵੀ ਕਈ ਕਾਰਜਾਂ ਵਿੱਚ ਘਪਲੇਬਾਜ਼ੀ ਅਤੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦੀ ਅਸ਼ੰਕਾ ਪ੍ਰਗਟਾਈ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਧਰਮਕੋਟ ਨੂੰ ਇਸ ਮਾਮਲੇ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ। ਇਸ ਮਾਮਲੇ ਦੀ ਜਾਂਚ ਦੌਰਾਨ ਜਾਂਚ ਅਧਿਕਾਰੀ ਨੇ ਦੋਹਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਅਤੇ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲੇ ਵਿੱਚ ਕਾਨੂੰਨੀ ਰਾਇ ਹਾਸਲ ਕਰਨ ਦੇ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ : G20 ਸੰਮੇਲਨ: ਇਤਰ, ਚਾਹ ਪੱਤੀ ਤੋਂ ਲੈ ਕੇ ਸ਼ਹਿਦ ਤੱਕ, ਭਾਰਤ ਨੇ ਵਿਦੇਸ਼ੀ ਮਹਿਮਾਨਾਂ ਨੂੰ ਦਿੱਤੇ ਖ਼ਾਸ ਤੋਹਫ਼ੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur