ਪ੍ਰਿੰਸੀਪਲ ਦੀ ਬਦਲੀ ਨੂੰ ਰੁਕਵਾਉਣ ਲਈ ਸਕੂਲ ਦੇ ਗੇਟ ਨੂੰ ਮਾਰਿਆ ਜਿੰਦਰਾ

10/10/2019 11:39:23 AM

ਚਾਉਕੇ (ਰਜਿੰਦਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲ ਸੰਤ ਬਾਬਾ ਫਤਹਿ ਸਿੰਘ ਪਬਲਿਕ ਸਕੂਲ ਬੱਲ੍ਹੋ-ਬਦਿਆਲਾ ਦੀ ਪ੍ਰਿੰਸੀਪਲ ਮੈਡਮ ਗੁਰਪ੍ਰੀਤ ਕੌਰ ਦੀ ਬਦਲੀ ਨੂੰ ਰੁਕਵਾਉਣ ਸਬੰਧੀ ਮੇਨ ਗੇਟ ਨੂੰ ਜਿੰਦਰਾ ਲਾ ਕੇ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ ਅਤੇ ਹੋਰਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਦਾਨ ਸਿੰਘ ਸਾਬਕਾ ਸਰਪੰਚ ਬੱਲ੍ਹੋ, ਜਗਸੀਰ ਸਿੰਘ, ਅੰਮ੍ਰਿਤ ਸਿੰਘ, ਚਮਕੌਰ ਸਿੰਘ ਆਦਿ ਨੇ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ 'ਤੇ ਦੋਸ਼ ਲਾਉਦਿਆਂ ਕਿਹਾ ਕਿ ਉਸ ਵੱਲੋਂ ਸਕੂਲ 'ਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਕੀਤੀ ਜਾਂਦੀ ਹੈ। ਉਸ ਦੇ ਕਹਿਣ 'ਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਦੀ ਬਦਲੀ ਕੀਤੀ ਹੈ, ਜਦਕਿ ਪ੍ਰਿੰਸੀਪਲ ਵਿਦਿਆਰਥੀਆਂ ਲਈ ਬੇਹੱਦ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ। ਇਸ ਮੌਕੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਨੂੰ ਜ਼ਮੀਨ ਦਾਨ ਕਰਨ ਵਾਲੇ ਪਤਵੰਤੇ ਹਾਜ਼ਰ ਸਨ।

ਇਸ ਦੌਰਾਨ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੱਦੋਂ ਵੱਧ ਸਕੂਲ 'ਚ ਦਖਲਅੰਦਾਜ਼ੀ ਕਰ ਰਿਹਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਇਹ ਆਪਣੀ ਪਸੰਦ ਦੀ ਪ੍ਰਿੰਸੀਪਲ ਨੂੰ ਸਕੂਲ 'ਚ ਲਾਉਣਾ ਚਾਹੁੰਦੇ ਹਨ। ਧਰਨੇ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਮਾਪਿਆਂ ਵੱਲੋਂ ਧਰਨਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਲਾਇਆ ਗਿਆ ਹੈ। ਇਸ 'ਚ ਮੇਰਾ ਕੋਈ ਹੱਥ ਨਹੀਂ ਹੈ। ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਨੇ ਸਕੂਲ 'ਚ ਧੜੇਬਾਜ਼ੀ ਖੜ੍ਹੀ ਕਰ ਦਿੱਤੀ ਹੈ, ਜਿਸ ਕਰ ਕੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਲਈ ਇਸ ਦੀ ਬਦਲੀ ਜ਼ਰੂਰੀ ਸੀ।

cherry

This news is Content Editor cherry