ਸੰਗਰੂਰ ਦੇ ਐੱਸ.ਐੱਸ.ਪੀ. ਨੇ ਮੈਰਿਟ ''ਚ ਆਈਆਂ ਦੋ ਵਿਦਿਆਰਥਣਾਂ ਨੂੰ 5100 ਰੁਪਏ ਨਾਲ ਕੀਤਾ ਸਨਮਾਨਿਤ

07/08/2022 6:07:52 PM

ਸੰਗਰੂਰ (ਦਲਜੀਤ ਬੇਦੀ, ਵਿਜੈ ਕੁਮਾਰ ਸਿੰਗਲਾ) : ਪੰਜਾਬ ਸਕੂਲ ਬੋਰਡ ਦੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਸੰਗਰੂਰ ਦੀ ਦਿਲਪ੍ਰੀਤ ਕੌਰ ਵੱਲੋਂ 99.8 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ ਅਤੇ ਕੋਮਲਪ੍ਰੀਤ ਕੌਰ ਵੱਲੋਂ 98.77 ਫੀਸਦੀ ਅੰਕ ਪ੍ਰਾਪਤ ਕਰਕੇ ਪੂਰੇ ਸੂਬੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਹੈ। ਸੰਗਰੂਰ ਪੁਲਸ ਦੇ ਐੱਸ.ਐੱਸ.ਪੀ. ਸ.ਮਨਦੀਪ ਸਿੰਘ ਸਿੱਧੂ ਵੱਲੋਂ ਆਪਣੀ ਤਨਖ਼ਾਹ ਵਿੱਚੋਂ ਇਨ੍ਹਾਂ ਦੋਵੇ ਵਿਦਿਆਰਥਣਾਂ ਦੀ ਉਪਲਬਧੀ ਲਈ 5100/- 5100/-ਰੁਪਏ ਦੇ ਕੇ ਸਨਮਾਨ ਕੀਤਾ ਗਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਿੱਧੂ ਨੇ ਕਿਹਾ ਕਿ ਇਸ ਮੁਹਿੰਮ ਦੀ ਲੜੀ ਵਿੱਚ ਰੱਬ ਵੱਲੋਂ ਬਖਸ਼ੀ ਸਮਰੱਥਾ ਅਨੁਸਾਰ ਆਪਣੇ ਵਾਅਦਾ ਨਿਭਾਉਂਦੇ ਹੋਏ ਤਿੰਨ ਹੋਰ ਲਾਇਕ ਕੁੜੀਆਂ ਨੂੰ ਇਸ ਮਹੀਨੇ ਦੀ ਤਨਖ਼ਾਹ ਵਿੱਚੋਂ 22,000 ਰੁਪਏ, ਹੌਂਸਲਾ ਅਫ਼ਜ਼ਾਈ ਅਤੇ ਪੜ੍ਹਾਈ ਜਾਰੀ ਰੱਖਣ ਲਈ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਸੈਰ ਕਰਨ ਗਏ ਪਤੀ-ਪਤਨੀ ਦੀ ਇਕੱਠਿਆਂ ਮੌਤ

ਇਹ ਜਾਣ ਕੇ ਸਾਰੇ ਸੰਗਰੂਰ ਜ਼ਿਲ੍ਹੇ ਨੂੰ ਬਹੁਤ ਫਖ਼ਰ ਮਹਿਸੂਸ ਹੋਇਆ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚੋਂ ਪੂਰੇ ਸੂਬੇ ਵਿੱਚ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਮਾਣ-ਮੱਤੀਆਂ ਧੀਆਂ ਸੰਗਰੂਰ ਨਾਲ ਸਬੰਧਤ ਹਨ।

1) ਦਿਲਪ੍ਰੀਤ ਕੌਰ ਪੁੱਤਰੀ ਰੱਬੀ ਸਿੰਘ ਵਾਸੀ ਨੱਤ ਤਹਿਸੀਲ ਧੂਰੀ ਨੇ ਦਸਵੀਂ ਵਿੱਚੋਂ 99.08 ਫੀਸਦੀ ਨੰਬਰ ਪ੍ਰਾਪਤ ਕੀਤੇ ਹਨ। ਇਸ ਨੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚੋਂ ਪੂਰੇ ਸੂਬੇ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ। ਦਿਲਪ੍ਰੀਤ ਦੇ ਪਰਿਵਾਰ ਦਾ ਪਿਛੋਕੜ ਖੇਤੀਬਾੜੀ ਵਾਲਾ ਹੈ ਅਤੇ ਦੋ ਭੈਣਾਂ ਅਤੇ ਇੱਕ ਭਰਾ ਹੈ। ਪਿਤਾ ਜੀ ਖੇਤੀ ਕਰਦੇ ਹਨ ।

2) ਕੋਮਲਪ੍ਰੀਤ ਕੌਰ ਪੁੱਤਰੀ ਤਰਸੇਮ ਸਿੰਘ ਵਾਸੀ ਘੋੜੇਨਾਬ ਤਹਿਸੀਲ ਲਹਿਰਾ ਜਿਸ ਨੇ ਦਸਵੀਂ ਵਿੱਚੋਂ 98.77ਫੀਸਦੀ ਨੰਬਰ ਪ੍ਰਾਪਤ ਕੀਤੇ ਹਨ। ਇਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚੋਂ ਪੂਰੇ ਸੂਬੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਕੋਮਲਪ੍ਰੀਤ ਕੌਰ ਦੇ ਪਰਿਵਾਰ ਦਾ ਪਿਛੋਕੜ ਵੀ ਖੇਤੀਬਾੜੀ ਵਾਲਾ ਹੈ ਅਤੇ ਇੱਕ ਭਰਾ ਹੈ। ਪਿਤਾ ਜੀ ਖੇਤੀ ਕਰਦੇ ਹਨ। 

3) ਇੱਕ ਜ਼ਰੂਰਤਮੰਦ ਕੁੜੀ ਹਰਮਨੀ ਪੁੱਤਰੀ ਸ੍ਰੀ ਸੋਨੂੰ ਨੂੰ ਆਪਣੇ ਸੰਗਰੂਰ ਦਫ਼ਤਰ ਬੁਲਾ ਕੇ ਆਪਣੀ ਤਨਖਾਹ ਵਿੱਚੋਂ 11,000 ਰੁਪਏ ਦਾ ਚੈੱਕ ਦੇ ਕੇ ਉਸ ਦਾ ਮਾਨ ਵਧਾਇਆ। ਹਰਮਨੀ ਦੇ ਮਾਤਾ ਜੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੀਆਂ ਦੋਵੇਂ ਧੀਆਂ ਨਾਲ ਕਿਰਾਏ ਦੇ ਮਕਾਨ ਵਿੱਚ ਗੁਜ਼ਾਰਾ ਕਰਦੇ ਹਨ। ਬੇਟੀ ਹਰਮਨੀ ਤੇ 10ਵੀਂ ਅਤੇ 11ਵੀਂ ਜਮਾਤ ਵਿੱਚ ਕ੍ਰਮਵਾਰ 99.23 ਫੀਸਦੀ ਅਤੇ 83.84 ਫੀਸਦੀ ਨੰਬਰ ਲੈ ਕੇ ਪਾਸ ਹੋਈ ਹੈ। ਹੁਣ ਬਾਰਵੀਂ ਜਮਾਤ ਵਿੱਚ ਬੜੀ ਲਗਨ ਨਾਲ ਪੜ੍ਹਾਈ ਕਰ ਰਹੀ ਹੈ। ਇਹ ਬੱਚੀ ਮੁਸ਼ਕਲਾਂ ਭਰੀ ਜ਼ਿੰਦਗੀ ਦੇ ਬਾਵਜੂਦ ਬਹੁਤ ਦਿਲਚਸਪੀ ਅਤੇ ਲਗਨ ਨਾਲ ਪੜ੍ਹ ਰਹੀ ਹੈ। ਇਸ ਮੌਕੇ ਐੱਸ.ਐੱਸ.ਪੀ ਨੇ ਕਿਹਾ ਕਿ ਮੈਨੂੰ ਇਹ ਸੁਣ ਬਹੁਤ ਖੁਸ਼ੀ ਹੋਈ ਜਦੋਂ ਇਸ ਨੇ ਦਿੜ੍ਰਤਾ ਅਤੇ ਸਿਦਕ ਨਾਲ ਅਹਿਦ ਲਿਆ ਕਿ ਮੈਂ ਆਪਣੇ ਪੈਰਾਂ ਤੇ ਖੜ੍ਹੀ ਹੋ ਕੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨਾ ਚਾਹੁੰਦੀ ਹਾਂ ਅਤੇ ਵੱਡੀ ਹੋ ਕੇ ਜ਼ਰੂਰਤਮੰਦਾਂ ਦੀ ਮਦਦ ਕਰਾਂਗੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News