ਸੂਲਰ ਘਰਾਟ ਦੇ ਪਟਾਕਾ ਵਿਕਰੇਤਾ ਦਾ ਲਾਇਸੰਸ ਰੱਦ

10/19/2019 1:26:55 PM

ਸੰਗਰੂਰ (ਬੇਦੀ) : ਜ਼ਿਲਾ ਮੈਜਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪਟਾਕਿਆਂ ਦੀ ਖਰੀਦ, ਵੇਚ ਅਤੇ ਭੰਡਾਰ ਕਰਨ ਦੀ ਸਮੁੱਚੀ ਪ੍ਰਕਿਰਿਆ 'ਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਚੰਡੀਗੜ੍ਹ ਵੱਲੋਂ ਸੂਲਰ ਘਰਾਟ ਵਿਖੇ ਸਥਿਤ ਪਟਾਕਿਆਂ ਦੇ ਇਕ ਗੋਦਾਮ ਦਾ ਲਾਇਸੰਸ ਰੱਦ ਕੀਤੇ ਜਾਣ ਤੋਂ ਬਾਅਦ ਅੱਜ ਜ਼ਿਲਾ ਮੈਜਿਸਟਰੇਟ ਘਨਸ਼ਿਆਮ ਥੋਰੀ ਦੀਆਂ ਹਦਾਇਤਾਂ 'ਤੇ ਐਸ.ਡੀ.ਐਮ ਦਿੜ੍ਹਬਾ ਵੱਲੋਂ ਗਾਂਧੀ ਰਾਮ ਪੁੱਤਰ ਸ਼ਾਮ ਲਾਲ ਵਾਸੀ ਸੂਲਰ ਘਰਾਟ ਦਾ ਪਟਾਕਾ ਗੋਦਾਮ ਸੀਲ ਕਰਵਾ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ 18 ਅਕਤੂਬਰ ਭਾਵ ਬੀਤੇ ਦਿਨ ਜ਼ਿਲਾ ਮੈਜਿਸਟਰੇਟ ਸੰਗਰੂਰ ਨੇ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਗਾਂਧੀ ਰਾਮ ਪੁੱਤਰ ਸ਼ਾਮ ਲਾਲ, ਪ੍ਰਦੀਪ ਕੁਮਾਰ ਪੁੱਤਰ ਗਾਂਧੀ ਰਾਮ ਵਾਸੀ ਸੂਲਰ ਘਰਾਟ ਅਤੇ ਬਗੀਰਥ ਰਾਮ ਪੁੱਤਰ ਸ਼ਾਮ ਲਾਲ ਵਾਸੀ ਦੇ ਪਟਾਕਿਆਂ ਸਬੰਧੀ ਲਾਇਸੰਸਾਂ ਸਬੰਧੀ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਚੰਡੀਗੜ੍ਹ ਨਾਲ ਤਾਲਮੇਲ ਕਰਦੇ ਹੋਏ ਇਹ ਵੈਰੀਫਾਈ ਕੀਤਾ ਜਾਵੇ ਕਿ ਇਨ੍ਹਾਂ ਦੇ ਲਾਇਸੰਸ ਰੱਦ ਕੀਤੇ ਗਏ ਹਨ ਜਾਂ ਨਹੀਂ। ਜ਼ਿਲਾ ਮੈਜਿਸਟਰੇਟ ਤੋਂ ਮਿਲੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਐਸ.ਡੀ.ਐਮ ਮਨਜੀਤ ਸਿੰਘ ਚੀਮਾ ਵੱਲੋਂ ਡਿਪਟੀ ਚੀਫ਼ ਕੰਟਰੋਲਰ ਆਫ਼ ਐਕਸਪਲੋਸਿਵ ਨਾਲ ਰਾਬਤਾ ਕੀਤਾ ਗਿਆ ਅਤੇ ਗਾਂਧੀ ਰਾਮ ਦੇ ਲਾਇਸੰਸ ਨੂੰ ਰੱਦ ਕਰਨ ਸਬੰਧੀ ਜਾਣਕਾਰੀ ਮਿਲਦਿਆਂ ਹੀ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿਚ ਤੁਰੰਤ ਕਾਰਵਾਈ ਕਰਦਿਆਂ ਅੱਜ ਗਾਂਧੀ ਰਾਮ ਪੁੱਤਰ ਸ਼ਾਮ ਲਾਲ ਵਾਸੀ ਸੂਲਰ ਘਰਾਟ ਦਾ ਗੋਦਾਮ ਸੀਲ ਕਰਵਾ ਦਿੱਤਾ। ਐਸ.ਡੀ.ਐਮ ਨੇ ਦੱਸਿਆ ਕਿ ਪ੍ਰਦੀਪ ਕੁਮਾਰ ਪੁੱਤਰ ਗਾਂਧੀ ਰਾਮ ਅਤੇ ਬਗੀਰਥ ਰਾਮ ਪੁੱਤਰ ਸ਼ਾਮ ਲਾਲ ਦੇ ਪਟਾਕਾ ਲਾਇਸੰਸ ਡਿਪਟੀ ਚੀਫ਼ ਕੰਟਰੋਲਰ ਵੱਲੋਂ ਰੱਦ ਨਹੀਂ ਕੀਤੇ ਗਏ।

ਇਸ ਸਬੰਧ ਵਿਚ ਜ਼ਿਲਾ ਮੈਜਿਸਟਰੇਟ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪਟਾਕਿਆਂ ਦੀ ਖਰੀਦ, ਵੇਚ ਅਤੇ ਭੰਡਾਰ ਲਈ ਜ਼ਿਲੇ ਵਿਚ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਨੇੜੇ ਪਟਾਕਿਆਂ ਦਾ ਭੰਡਾਰ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਜ਼ਿਲਾ ਮੈਜਿਸਟਰੇਟ ਦੇ ਹੁਕਮਾਂ 'ਤੇ ਸਾਰੀਆਂ ਸਬ ਡਵੀਜ਼ਨਾਂ ਵਿਚ ਪਟਾਕਿਆਂ ਦੇ ਸਟੋਰਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਅਤੇ ਸੰਘਣੀ ਅਬਾਦੀ ਨੇੜੇ ਸਥਿਤ ਗੋਦਾਮਾਂ ਦੇ ਐਨ.ਓ.ਸੀ, ਲਾਇਸੰਸ ਰੱਦ ਕਰਨ ਅਤੇ ਗੋਦਾਮ ਸੀਲ ਕਰਨ ਸਬੰਧੀ ਵੀ ਪ੍ਰਕਿਰਿਆ ਅਮਲ ਵਿਚ ਲਿਆਂਦੀ ਜਾ ਰਹੀ ਹੈ।

ਅੱਜ ਜ਼ਿਲਾ ਮੈਜਿਸਟਰੇਟ ਦੇ ਆਦੇਸ਼ਾਂ 'ਤੇ ਮਾਰਕਿਟ ਕਮੇਟੀ ਸੰਗਰੂਰ 'ਚ ਸਥਿਤ ਪਟਾਕਿਆਂ ਦੀ ਦੁਕਾਨ 'ਤੇ ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਮਿੱਤਲ ਵੱਲੋਂ ਟੀਮ ਸਮੇਤ ਅਚਨਚੇਤ ਜਾਂਚ ਕੀਤੀ ਗਈ। ਇਸ ਸਬੰਧੀ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਦੁਕਾਨ ਦੀ ਜਾਂਚ ਦੌਰਾਨ ਕਿਸੇ ਵੀ ਕਿਸਮ ਦੇ ਪਟਾਖੇ ਬਰਾਮਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ 'ਚ ਪੂਰੀ ਚੌਕਸੀ ਵਰਤੀ ਜਾ ਰਹੀ ਹੈ।

cherry

This news is Content Editor cherry