ਸੰਗਰੂਰ ਜ਼ਿਲ੍ਹੇ ’ਚ 3 ਵਿਅਕਤੀਆਂ ਨੇ ਕੋਰੋਨਾ ਤੋਂ ਹਾਰੀ ਜੰਗ , 46 ਨਵੇਂ ਮਾਮਲੇ

09/11/2020 12:12:25 AM

ਸੰਗਰੂਰ,(ਬੇਦੀ,ਵਿਵੇਕ ਸਿੰਧਵਾਨੀ, ਰਵੀ)- ਕੋਰੋਨਾ ਨਾਲ ਜਿਲ੍ਹੇ 'ਚ 3 ਹੋਰ ਮੌਤਾਂ ਹੋ ਗਈਆਂ ਅਤੇ 46 ਨਵੇਂ ਕੇਸ ਵੀ ਦਰਜ ਕੀਤੇ ਗਏ। ਜਾਣਕਾਰੀ ਅਨੁਸਾਰ ਮੂਨਕ ਦੀ 55 ਸਾਲਾ ਔਰਤ ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਸੁਨਾਮ ਦੇ ਆਨੰਦ ਮਿਸ਼ਰਾ (45) ਦੀ ਮੋਹਾਲੀ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਤੇ ਭਵਾਨੀਗੜ੍ਹ ਦੇ ਵੀ ਇਕ 50 ਸਾਲਾ ਵਿਅਕਤੀ ਦੀ ਮੌਤ ਕੋਰੋਨਾ ਨਾਲ ਹੋ ਗਈ ਹੈ। ਜ਼ਿਲੇ ’ਚ 46 ਨਵੇਂ ਕੇਸ ਆਉਣ ਨਾਲ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2567 ਤੱਕ ਪੁੱਜ ਚੁੱਕੀ ਹੈ ਅਤੇ 2146 ਮਰੀਜ਼ ਸਿਹਤਯਾਬ ਹੋ ਚੁੱਕੇ ਹਨ, ਹੁਣ ਜ਼ਿਲੇ ’ਚ 317 ਕੇਸ ਐਕਟਿਵ ਹਨ ਅਤੇ ਮੌਤਾਂ ਦਾ ਅੰਕੜਾ 104 ਤੱਕ ਪੁੱਜ ਚੁੱਕਾ ਹੈ।

ਬਰਨਾਲਾ ’ਚ 23 ਨਵੇਂ ਕੇਸ ਆਏ ਸਾਹਮਣੇ

ਜ਼ਿਲ੍ਹਾ ਬਰਨਾਲਾ ’ਚ ਹੁਣ ਤੱਕ 23504 ਮਰੀਜ਼ਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ’ਚੋਂ 1399 ਮਰੀਜ਼ ਪਾਜ਼ੇਟਿਵ ਪਾਏ ਗਏ ਅਤੇ 21570 ਕੇਸ ਨੈਗੇਟਿਵ ਪਾਏ ਗਏ ਹਨ। ਅੱਜ ਜ਼ਿਲਾ ਬਰਨਾਲਾ ’ਚ ਕੋਰੋਨਾ ਵਾਇਰਸ ਦੇ 23 ਕੇਸ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ’ਚ 23 ਨਵੇਂ ਕੇਸ ਸਾਹਮਣੇ ਆਏ ਹਨ। ਸ਼ਹਿਰ ਬਰਨਾਲਾ ਦੇ ਵੱਖ-ਵੱਖ ਹਿੱਸਿਆਂ ’ਚੋਂ 11 ਕੇਸ, ਬਲਾਕ ਧਨੌਲਾ ’ਚੋਂ 10 ਕੇਸ, ਬਲਾਕ ਤਪਾ ’ਚੋਂ 1 ਕੇਸ ਸਾਹਮਣੇ ਆਏ ਹਨ, ਜਦੋਂਕਿ ਬਲਾਕ ਮਹਿਲ ਕਲਾਂ ’ਚੋਂ ਵੀ 1 ਮਰੀਜ਼ ਸਾਹਮਣੇ ਆਇਆ ਹੈ। ਹੁਣ ਜ਼ਿਲੇ ’ਚ ਕੁੱਲ ਕੇਸਾਂ ਦੀ ਗਿਣਤੀ 1399 ਹੈ, 480 ਕੇਸ ਐਕਟਿਵ ਹਨ। ਜਦੋਂਕਿ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਕਾਂਗਰਸੀ ਆਗੂ ਭੂਤ ਦੀ ਕੋਰੋਨਾ ਨਾਲ ਮੌਤ

ਕੋਰੋਨਾ ਵਾਇਰਸ ਦੇ ਚੱਲਦਿਆਂ ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਭੂਤ (ਆਸੂ) ਦੇ ਪਿਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਪ੍ਰੇਮ ਕੁਮਾਰ ਭੂਤ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨਾਲ ਜਿੱਥੇ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਹੀ ਇਲਾਕੇ ਦੇ ਲੋਕਾਂ ਨੂੰ ਇਕ ਕਾਬਲ ਲੀਡਰ ਤੋਂ ਸੱਖਣੇ ਹੋ ਗਏ ਹਨ। ਪ੍ਰੇਮ ਕੁਮਾਰ ਭੂਤ ਜੋ ਕਾਂਗਰਸ ਦੇ ਸੀਨੀਅਰ ਆਗੂ ਹਨ ਲਗਭਗ 24 ਦਿਨ ਪਹਿਲਾਂ ਕੋਰੋਨਾ ਪਾਜ਼ੇਟਿਵ ਆਉਣ ਕਾਰਣ ਮੋਹਾਲੀ ਫੌਰਟਿਜ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਵੇਦਾਂਤਾ ਗੁੜਗਾਓਂ ਦਾਖਲ ਕਰਵਾਇਆ ਗਿਆ ਸੀ ਜਿਥੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਗਈ ਹੈ ਅਤੇ ਦੱਸਿਆ ਕਿ ਉਨ੍ਹਾਂ ਦਾ ਸਸਕਾਰ ਕੱਲ ਨੂੰ ਰਾਮ ਬਾਗ ਤਪਾ ਵਿਖੇ ਪਰਿਵਾਰਕ ਮੈਂਬਰਾਂ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਕੀਤਾ ਜਾਵੇਗਾ।


Bharat Thapa

Content Editor

Related News