ਕਾਂਗਰਸ ਦੀ ਮਦਦ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣਾ ਚਾਹੁੰਦੈ ਢੀਂਡਸਾ ਪਰਿਵਾਰ : ਵਿਨਰਜੀਤ ਖਡਿਆਲ

02/21/2020 5:15:06 PM

ਸੰਗਰੂਰ (ਬੇਦੀ) : ਸ਼੍ਰੋਮਣੀ ਅਕਾਲੀ ਦਲ ਵਿਚੋਂ ਬਾਹਰ ਕੱਢਿਆ ਢੀਂਡਸਾ ਪਰਿਵਾਰ ਕਾਂਗਰਸ ਦੀ ਮਦਦ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਸਪੋਕਸਪਰਸਨ ਵਿਨਰਜੀਤ ਸਿੰਘ ਖਡਿਆਲ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਨੂੰ ਮਜਬੂਤ ਕਰਨ ਅਤੇ ਪੰਥਕ ਲੀਹਾਂ 'ਤੇ ਲੈ ਕੇ ਆਉਣਾ ਚਾਹੁੰਦੇ ਹਾਂ, ਅੱਜ ਬਿੱਲੀ ਥੈਲੇ ਚੋਂ ਬਾਹਰ ਨਿਕਲ ਆਈ। ਸੁਖਦੇਵ ਸਿੰਘ ਢੀਂਡਸਾ ਦੇ ਇਸ ਬਿਆਨ ਕਿ ਐੱਸ.ਜੀ.ਪੀ.ਸੀ. ਨੂੰ ਆਜ਼ਾਦ ਕਰਾਉਣ ਲਈ ਕਾਂਗਰਸ ਦੀ ਮੱਦਦ ਵੀ ਮਨਜੂਰ ਹੈ, 'ਤੇ ਬੋਲਦੇ ਹੋਏ ਖਡਿਆਲ ਨੇ ਕਿਹਾ ਕਿ ਇਹ ਬੁਹਤ ਹੀ ਮੰਦਭਾਗਾ ਅਤੇ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਲਈ ਕੀ ਸੋਚ ਹੈ ਨੂੰ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਖਿਲਾਫ਼ ਰੋਸ ਰੈਲੀ ਵਿਚ ਸੰਗਤਾਂ ਦਾ ਹੋਇਆ ਇਕੱਠ ਜਿਥੇ ਵਿਰੋਧੀ ਪਾਰਟੀਆਂ ਨੂੰ ਤਾਂ ਹਜ਼ਮ ਨਹੀਂ ਹੋ ਰਿਹਾ, ਉਥੇ ਹੀ ਢੀਂਡਸਾ ਪਰਿਵਾਰ ਨੂੰ ਵੀ ਅਪਣੀ ਹੋਂਦ ਦਾ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਨ੍ਹਾਂ ਤੋਂ ਬਿਨਾਂ ਸੰਗਰੂਰ ਜ਼ਿਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪੱਲੇ ਕੁਝ ਵੀ ਨਹੀਂ, ਜਦੋਂ ਕਿ ਇਸ ਰੈਲੀ ਨੇ ਉਨ੍ਹਾਂ ਦੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ।

ਉਨ੍ਹਾਂ ਕਿਹਾ ਕਿ ਹੁਣ 23 ਫਰਵਰੀ ਨੂੰ ਹੋਣ ਵਾਲੇ ਇਕੱਠ ਨੂੰ ਪੰਥਕ ਇਕੱਠ ਦਾ ਨਾਮ ਦੇ ਕੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਇਕੱਠ ਉਨ੍ਹਾਂ ਦੀ ਖਤਮ ਹੋ ਰਹੀ ਸ਼ਾਖ ਦਾ ਬਚਾਅ ਕਰੇਗਾ। ਇਸ ਲਈ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕਾਂਗਰਸ ਸਰਕਾਰ ਅਤੇ ਕਾਂਗਰਸੀਆਂ ਦੀ ਪੂਰੀ ਮਦਦ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਢੀਂਡਸਿਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਉਨ੍ਹਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਤਾਂ ਉਨ੍ਹਾਂ ਕਾਂਗਰਸੀਆਂ ਦੇ ਘਰ-ਘਰ ਜਾ ਕੇ ਮਦਦ ਕਰਨ ਲਈ ਮੀਟਿੰਗ ਸ਼ੁਰੂ ਕੀਤੀ। 23 ਤਾਰੀਕ ਦਾ ਇਹ ਇਕੱਠ ਸਿਰਫ ਤੇ ਸਿਰਫ ਕਾਂਗਰਸ ਦੀ ਮਦਦ ਨਾਲ ਕੀਤਾ ਜਾ ਰਿਹਾ ਹੈ।


cherry

Content Editor

Related News