ਬੇਰੁਜ਼ਗਾਰ ਬੀ.ਐੱਡ. ਅਧਿਆਪਕ 13 ਨੂੰ ਦਾਖ਼ਾ ''ਚ ਕਰਨਗੇ ਰੋਸ-ਮੁਜ਼ਾਹਰਾ

10/11/2019 4:26:46 PM

ਸੰਗਰੂਰ (ਬੇਦੀ) : ਜ਼ਿਮਨੀ-ਚੋਣ ਹਲਕਿਆਂ ਲਈ ਵਿੱਢੀ 'ਰੁਜ਼ਗਾਰ ਨਹੀਂ ਵੋਟ ਨਹੀਂ' ਮੁਹਿੰਮ ਤਹਿਤ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਜਲਾਲਾਬਾਦ ਵਿਖੇ ਰੋਸ-ਪ੍ਰਦਰਸ਼ਨ ਤੋਂ ਬਾਅਦ ਹੁਣ 13 ਅਕਤੂਬਰ ਨੂੰ ਦਾਖ਼ਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕਰਨਗੇ। ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਮੂਹਰੇ ਲੱਗੇ ਪੱਕੇ ਮੋਰਚੇ ਦੌਰਾਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦਾਅਵਾ ਕੀਤਾ ਕਿ ਜ਼ਿਮਨੀ-ਚੋਣਾਂ ਮੌਕੇ ਚਲਾਈ 'ਰੁਜ਼ਗਾਰ ਨਹੀਂ ਵੋਟ ਨਹੀਂ' ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਲਾਲਾਬਾਦ ਹਲਕੇ ਵਿਚ 6 ਅਕਤੂਬਰ ਦੇ ਪ੍ਰਦਰਸ਼ਨ ਦੌਰਾਨ ਬਜ਼ਾਰਾਂ 'ਚ ਰੋਸ-ਮਾਰਚ ਕਰਨ ਦੇ ਨਾਲ-ਨਾਲ ਮੁੱਖ ਥਾਵਾਂ 'ਤੇ ਨਾਅਰੇ ਵੀ ਲਿਖੇ ਗਏ।

ਬੇਰੁਜ਼ਗਾਰ ਅਧਿਆਪਕਾਂ ਨੇ ਆਪੋ-ਆਪਣੇ ਘਰਾਂ ਦੇ ਬਾਹਰ ਦਰਵਾਜ਼ਿਆਂ ਉਤੇ ਵੀ ਇਸ ਮੁਹਿੰਮ ਦੇ ਪ੍ਰਚਾਰ ਵਜੋਂ 'ਰੁਜ਼ਗਾਰ ਨਹੀਂ ਵੋਟ ਨਹੀਂ' ਲਿਖ ਕੇ ਪਰਚੇ ਚਿਪਕਾਉਣ ਦੀ ਮੁਹਿੰਮ ਵੀ ਆਰੰਭੀ ਹੈ। ਇਸ ਦੌਰਾਨ ਅਧਿਆਪਕਾਂ ਨੇ ਜੰਮ ਕੇ ਭੜਾਸ ਕੱਢਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਸਮੇਂ ਦੀ ਸੱਤਾ 'ਤੇ ਕਾਬਜ਼ ਕਾਂਗਰਸ ਸਰਕਾਰ ਨੇ ਭੋਲੇ-ਭਾਲੇ ਲੋਕਾਂ ਨਾਲ ਕਈ ਲਿਖਤੀ ਵਾਅਦੇ ਕੀਤੇ ਸਨ, ਜਿਵੇਂ ਕਿ ਘਰ-ਘਰ ਨੌਕਰੀ ਦਾ ਵਾਅਦਾ, ਨੌਕਰੀ ਮਿਲਣ ਤੱਕ ਲੱਗਣ ਵਾਲੇ ਸਮੇਂ ਦੌਰਾਨ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਵਰਗੇ ਵਾਅਦੇ ਕੀਤੇ ਸਨ ਪਰ ਨਤੀਜਾ, ਪਿਛਲੇ 2 ਸਾਲਾਂ ਤੋਂ ਕਾਂਗਰਸ ਦੇ ਵਾਅਦੇ ਸਿਰਫ਼ ਲਾਅਰੇ ਬਣ ਕੇ ਹੀ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਿਛਲੇ 10 ਸਾਲਾਂ ਦੌਰਾਨ ਅਕਾਲੀ-ਭਾਜਪਾ ਦੀਆਂ ਵੀ ਇਹੀ ਨੀਤੀਆਂ ਸਨ ਤੇ ਉਨ੍ਹਾਂ ਨੇ ਵੀ 2 ਕਰੋੜ ਨੌਕਰੀਆਂ ਦਾ ਵਾਅਦਾ ਪੂਰਾ ਨਹੀਂ ਕੀਤਾ। ਇਸ ਦੌਰਾਨ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਟੀਮ ਵੱਲੋਂ ਇਨਕਲਾਬੀ ਗੀਤ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸੂਬਾ ਆਗੂ ਨਵਜੀਵਨ ਬਰਨਾਲਾ, ਯੁੱਧਜੀਤ ਬਠਿੰਡਾ, ਬਲਕਾਰ ਮੰਘਾਣੀਆਂ, ਅਮਨ ਸੇਖ਼ਾ, ਕੁਲਵੰਤ ਲੌਂਗੋਵਾਲ, ਗੁਰਜੀਤ ਖਾਈ ਨੇ ਵੀ ਸੰਬੋਧਨ ਕੀਤਾ।


cherry

Content Editor

Related News