ਸੰਗਰੂਰ ਜ਼ਿਲ੍ਹੇ ''ਚ ਰੋਜ਼ਾਨਾ ਲਏ ਜਾਣਗੇ ਕੋਵਿਡ-19 ਦੇ 450 ਸੈਂਪਲ: ਡਿਪਟੀ ਕਮਿਸ਼ਨਰ

06/10/2020 5:16:36 PM

ਸੰਗਰੂਰ (ਸਿੰਗਲਾ): ਕੋਵਿਡ-19 ਵਿਰੁੱਧ ਵਿੱਢੀ ਜੰਗ ਜਿੱਤਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸੰਗਰੂਰ ਜ਼ਿਲ੍ਹੇ ਦੀ ਟੈਸਟਿੰਗ ਸਮਰੱਥਾ 'ਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਜ਼ਿਲ੍ਹੇ 'ਚੋਂ ਰੋਜ਼ਾਨਾ 100 ਸੈਂਪਲ ਲਏ ਜਾ ਰਹੇ ਸਨ ਪਰ ਹੁਣ ਮਿਸ਼ਨ ਫਤਿਹ ਤਹਿਤ ਸੈਂਪਲ ਲੈਣ ਦੇ ਟੀਚੇ ਨੂੰ ਵਧਾ ਕੇ 450 ਸੈਂਪਲ ਰੋਜ਼ਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਸਰ ਕਰਨ ਲਈ ਸੈਂਪਲ ਲੈਣ ਵਾਲੀਆਂ ਟੀਮਾਂ ਦੇ ਨਾਲ-ਨਾਲ ਤੈਨਾਤ ਸਟਾਫ 'ਚ ਵੀ ਵਾਧਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਜ਼ਿਲ੍ਹੇ 'ਚ ਸੈਂਪਲ ਇਕੱਤਰ ਕਰਨ ਲਈ 8 ਟੀਮਾਂ ਤੈਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਵਧਾ ਕੇ ਹੁਣ 12 ਕਰ ਦਿੱਤਾ ਗਿਆ ਹੈ ਜਿਸ ਨਾਲ ਸੈਂਪਲ ਲੈਣ ਲਈ ਤੈਨਾਤ ਸਟਾਫ਼ ਦੀ ਵੀ ਗਿਣਤੀ 24 ਤੋਂ ਵਧਾ ਕੇ 36 ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਹਰੀ ਇਲਾਕਿਆਂ 'ਚੋਂ ਆਉਣ ਵਾਲੇ ਹਰ ਵਿਅਕਤੀ ਦੇ ਸੈਂਪਲ ਲੈਣੇ ਤੇ ਕੁਆਰਨਟੀਨ ਪੂਰਾ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਬਾਹਰੀ ਇਲਾਕਿਆਂ ਤੋਂ ਜ਼ਿਲ੍ਹੇ 'ਚ ਆਉਣ ਵਾਲੇ ਵਿਅਕਤੀ ਜਾਂ ਉਨ੍ਹਾਂ ਦੇ ਜਾਣਕਾਰ, ਉਨ੍ਹਾਂ ਦੀ ਆਮਦ ਸਬੰਧੀ ਜਾਣਕਾਰੀ ਜ਼ਿਲ੍ਹਾ ਕੰਟਰੋਲ ਰੂਮ ਨੰਬਰ 01672-232304 'ਤੇ ਜ਼ਰੂਰ ਦੇਣ ਤਾਂ ਜੋ ਜਲਦ ਤੋਂ ਜਲਦ ਉਨ੍ਹਾਂ ਦੇ ਸੈਂਪਲ ਲੈ ਲਏ ਜਾਣ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸਫ਼ਰ ਕਰਕੇ ਆਏ ਵਿਅਕਤੀ ਸਭ ਤੋਂ ਪਹਿਲਾਂ ਆਪਣੇ-ਆਪ ਨੂੰ ਘਰ 'ਚ ਕਵਾਰਨਟੀਨ ਕਰਨ ਤਾਂ ਜੋ ਸਕੇ-ਸਬੰਧੀਆਂ ਨੂੰ ਕੋਵਿਡ-19 ਦੀ ਲਾਗ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।

ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਤੱਕ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ 124 ਵਿਅਕਤੀ ਕੋਵਿਡ-19 ਤੋਂ ਪਾਜਿਟਿਵ ਪਾਏ ਗਏ ਹਨ ਜਿਨ੍ਹਾਂ 'ਚੋਂ 105 ਮਰੀਜ਼ ਠੀਕ ਹੋ ਕੇ ਘਰ ਪਰਤ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਰੂਰ 'ਚ ਕੋਵਿਡ-19 ਦੇ 19 ਐਕਟਿਵ ਕੇਸ ਹਨ ਜੋ ਕਿ ਕੋਵਿਡ ਕੇਅਰ ਸੈਂਟਰ 'ਚ ਇਲਾਜ ਅਧੀਨ ਹਨ। ਸ਼੍ਰੀ ਥੋਰੀ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਰੋਨਾਵਾਇਰਸ ਦੀ ਲਾਗ ਤੋਂ ਬਚਣ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।


Shyna

Content Editor

Related News