ਸੰਗਰੂਰ ਦੇ ਇਸ ਅਧਿਆਪਕ ਨੇ 1000 ਦਿਨ ਲਗਾਤਾਰ ਸਕੂਲ ਪਹੁੰਚ ਕੇ ਕੀਤੀ ਮਿਸਾਲ ਪੇਸ਼

09/26/2021 5:30:03 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਥਨ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪੰਜਾਬੀ ਮਾਸਟਰ ਵਜੋਂ ਸੇਵਾ ਨਿਭਾ ਰਹੇ ਕੁਲਦੀਪ ਸਿੰਘ ਮਰਾਹੜ ਨੇ ਲਗਾਤਾਰ 1000 ਦਿਨ ਸਕੂਲ ਵਿੱਚ ਪਹੁੰਚ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। ਇਸ ਅਧਿਆਪਕ ਨੇ ਜਨਵਰੀ 2019 ਤੋਂ ਸਤੰਬਰ 2021 ਤੱਕ ਹਰ ਰੋਜ਼ ਸਕੂਲ ਪਹੁੰਚ ਕੇ ਸਕੂਲ ਦੀ ਦਿੱਖ ਬਦਲਣ ਵਿੱਚ ਅਹਿਮ ਰੋਲ ਨਿਭਾਇਆ। ਉਕਤ ਅਧਿਆਪਕ ਐਤਵਾਰ, ਸਰਕਾਰੀ ਛੁੱਟੀਆਂ, ਜੂਨ ਦੀਆਂ ਦੀਆਂ ਛੁੱਟੀਆਂ, ਲਾਕਡਾਊਨ ਦੌਰਾਨ ਸਕੂਲ ਪਹੁੰਚ ਕੇ ਸਕੂਲ ਭਲਾਈ ਕਾਰਜ ਕਰਵਾਉਂਦਾ ਰਿਹਾ ਹੈ। ਇਸ ਸਮੇਂ ਦੌਰਾਨ ਸਕੂਲ ਵਿੱਚ 500 ਨਵੇਂ ਬੂਟੇ, ਝੂਲਿਆਂ ਦਾ ਪਾਰਕ, ਸਾਇੰਸ ਲੈਬ, ਲਾਇਬ੍ਰੇਰੀ, ਮਿਡ-ਡੇ-ਮੀਲ ਬਰਾਂਡਾ, ਸਟੇਜ, ਪਰੇਅਰ ਗਰਾਊਂਡ, ਆਰਟ ਰੂਮ, ਸਟੇਡੀਅਮ ਦੀ ਚਾਰਦੀਵਾਰੀ, ਵਾਲੀਵਾਲ ਗਰਾਊਂਡ, ਬੈਡਮਿੰਟਨ ਕੋਰਟ, ਕਲਰ ਕੋਡਿੰਗ ਆਦਿ ਕਾਰਜਾਂ ਵਿੱਚ ਉਕਤ ਅਧਿਆਪਕ ਨੇ ਆਪਣੀ ਭੂਮਿਕਾ ਬਾਖ਼ੂਬੀ ਨਿਭਾਈ। 

ਇਸ ਤੋਂ ਇਲਾਵਾ ਸਕੂਲ ਭਲਾਈ ਲਈ 7-8 ਲੱਖ ਰੁਪਏ  ਇਕੱਠੇ ਕਰਕੇ ਸਕੂਲ ਭਲਾਈ ਕਾਰਜਾਂ ਵਿੱਚ ਲਗਾ ਚੁੱਕਾ ਹੈ ਅਤੇ ਸਕੂਲ ਦੀਆਂ ਦੋਵੇਂ ਬੱਸਾਂ ਦੀ ਸਾਂਭ-ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਅਧਿਆਪਕ ਸਕੂਲ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਵਿੱਚ ਹੀ ਰੁੱਝਿਆ ਰਹਿੰਦਾ ਹੈ ਜਿਸ ਦੇ ਬੋਰਡ ਦੀਆਂ ਜਮਾਤਾਂ ਦੇ ਨਤੀਜੇ ਪਿਛਲੇ ਚਾਰ ਸਾਲਾਂ ਦੇ ਸੌ ਫ਼ੀਸਦੀ ਰਹੇ ਹਨ। ਪੰਜਾਬੀ ਮਾਸਟਰ ਕੁਲਦੀਪ ਸਿੰਘ ਮਰਾਹੜ ਦੀ ਕਾਰਗੁਜ਼ਾਰੀ ਤੋਂ ਪਿੰਡ ਵਾਸੀ, ਇਲਾਕਾ ਨਿਵਾਸੀ, ਪੰਚਾਇਤ, ਸਕੂਲ ਮੈਨੇਜ਼ਮੈਂਟ ਕਮੇਟੀ, ਵਿਦਿਆਰਥੀ , ਵਿਦਿਆਰਥੀਆਂ ਦੇ ਮਾਪੇ ਅਤੇ ਸਮੂਹ ਸਟਾਫ਼ ਬਹੁਤ ਖੁਸ਼ ਹੈ‌। ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਜੀਤ ਕੌਰ ਸੋਹੀ ਨੇ ਦੱਸਿਆ ਕੁਲਦੀਪ ਸਿੰਘ ਮਰਾਹੜ ਦੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ  ਅਤੇ ਉਨ੍ਹਾਂ ਇਹ ਵੀ ਕਿਹਾ ਕਿ ਉਕਤ ਅਧਿਆਪਕ ਦੀ ਜੋ ਵੀ ਡਿਊਟੀ ਲਗਾਈ ਜਾਂਦੀ ਹੈ ਉਸ ਨੂੰ ਇਹ ਖਿੜੇ ਮੱਥੇ ਨਿਭਾਉਂਦਾ ਹੈ।

ਪਿੰਡ ਦੇ ਸਰਪੰਚ ਰਘਬੀਰ ਸਿੰਘ ਨੇ ਕਿਹਾ ਕਿ ਉਕਤ ਅਧਿਆਪਕ ਦੀਆਂ ਸੇਵਾਵਾਂ ਲਈ  ਸਮੂਹ ਪੰਚਾਇਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜਿਸ ਲਈ ਪਿੰਡ ਵਾਸੀਆਂ ਅਤੇ ਪੰਚਾਇਤ ਵੱਲੋਂ ਕੁਲਦੀਪ ਸਿੰਘ ਮਰਾਹੜ ਨੂੰ ਜਲਦ ਹੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਉਪਰੋਕਤ ਸ਼ਖ਼ਸੀਅਤਾਂ ਤੋਂ ਇਲਾਵਾ ਚੇਅਰਮੈਨ ਜਸਪਾਲ ਦਾਸ, ਨਿਰਮਲ ਸਿੰਘ ਪੰਚ, ਰਾਜੂ ਪੰਚ, ਕੁਲਵੰਤ ਸਿੰਘ ਪੰਚ, ਅਮਰੀਕ ਸਿੰਘ ਪੰਚ, ਮਿੰਟੂ ਪੰਚ, ਕਾਕਾ ਸਿੰਘ ਪੰਚ, ਬੂਟਾ ਸਿੰਘ ਪੰਚ, ਗੁਰਜੀਤ ਸਿੰਘ ਵੜੈਚ, ਹਾਕਮ ਸਿੰਘ, ਕੌਰ ਸਿੰਘ, ਬਹਾਲ ਸਿੰਘ, ਗੁਰਬਾਜ ਸਿੰਘ, ਸਿਕੰਦਰ ਖਾਂ, ਗੁਲਜ਼ਾਰ ਮੁਹੰਮਦ, ਰਾਜ ਮਰਾਹੜ, ਨਵਜੀਤ ਸਿੰਘ ਹੋਰੀਂ ਮੌਜੂਦ ਸਨ।

Shyna

This news is Content Editor Shyna