ਸੰਗਰੂਰ ''ਚ ''ਪਰਾਲੀ ਬੈਂਕਾਂ'' ਰਾਹੀਂ ਕੀਤਾ ਜਾਵੇਗਾ ਪਰਾਲੀ ਦੇ ਮਸਲੇ ਦਾ ਹੱਲ: ਡੀ.ਸੀ.

10/18/2019 11:29:12 AM

ਸੰਗਰੂਰ(ਬੇਦੀ, ਹਰਜਿੰਦਰ) : ਜ਼ਿਲਾ ਪ੍ਰਸ਼ਾਸਨ ਸੰਗਰੂਰ ਨੇ ਪਰਾਲੀ ਦੇ ਮਸਲੇ ਨੂੰ ਹੱਲ ਕਰਨ ਲਈ ਅਹਿਮ ਫੈਸਲਾ ਲਿਆ ਹੈ। ਜ਼ਿਲੇ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਖੇਤੀਬਾੜੀ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਝੋਨੇ ਦੀ ਪਰਾਲੀ ਪਿੰਡਾਂ 'ਚੋਂ ਲਿਆ ਕੇ 'ਪਰਾਲੀ ਬੈਂਕਾਂ' ਵਿਚ ਭੰਡਾਰ ਕੀਤੀ ਜਾਵੇਗੀ, ਜਿਸ ਨੂੰ ਗਊਸ਼ਾਲਾਵਾਂ ਵਿਚ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਵੇਗਾ।

ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਆਖਿਆ ਕਿ ਪਰਾਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਇਸ ਦੀ ਸੁਚੱਜੀ ਵਰਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਗਊਸ਼ਾਲਾ ਝਨੇੜੀ ਤੇ ਸੰਗਰੂਰ ਗਊਸ਼ਾਲਾ ਤੋਂ ਇਲਾਵਾ ਹੋਰ ਗਊਸ਼ਾਲਾਵਾਂ ਵਿਚ 'ਪਰਾਲੀ ਬੈਂਕ' ਬਣਨਗੇ, ਜਿੱਥੇ ਇਹ ਪਰਾਲੀ ਭੰਡਾਰ ਕਰ ਕੇ ਪਸ਼ੂਆਂ ਦੇ ਚਾਰੇ ਵਜੋਂ ਵਰਤੀ ਜਾਵੇਗੀ। ਉਨ੍ਹਾਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ, ਸਬੰਧਤ ਵਿਭਾਗਾਂ ਤੇ ਕਿਸਾਨਾਂ ਨੂੰ ਇਸ ਮੁਹਿੰਮ ਨੂੰ ਸੇਵਾ ਕਾਰਜ ਸਮਝ ਕੇ ਸਫਲ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਹਰ ਬਲਾਕ ਵਿਚੋਂ 50-50 ਟਰਾਲੀਆਂ ਪਰਾਲੀ ਲਿਆ ਕੇ 'ਪਰਾਲੀ ਬੈਂਕਾਂ' ਵਿਚ ਭੰਡਾਰ ਕਰਵਾਉਣਗੇ।

ਡਿਪਟੀ ਕਮਿਸ਼ਨਰ ਨੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਝਨੇੜੀ ਗਊਸ਼ਾਲਾ ਤੇ ਸੰਗਰੂਰ ਗਊਸ਼ਾਲਾ ਤੋਂ ਇਲਾਵਾ ਹੋਰ ਵੀ ਗਊਸ਼ਾਲਾਵਾਂ ਵਿਚ 'ਪਰਾਲੀ ਬੈਂਕ' ਸਥਾਪਿਤ ਕੀਤੇ ਜਾਣ, ਜਿੱਥੇ ਨੇੜਲੇ ਬਲਾਕਾਂ ਵਿਚੋਂ ਪਰਾਲੀ ਲਿਆ ਕੇ ਭੰਡਾਰ ਕੀਤੀ ਜਾਵੇਗੀ ਤੇ ਇਸ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਿਆ ਜਾਵੇਗਾ। ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੇ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਸਹਿਮਤੀ ਜਤਾਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬੱਤਰਾ ਨੇ ਕਿਹਾ ਕਿ ਪਰਾਲੀ ਦੇ ਮਸਲੇ ਨੂੰ ਹੱਲ ਕਰਨ ਲਈ ਇਸ ਕਾਰਜ ਵਿਚ ਖੇਤੀਬਾੜੀ ਵਿਭਾਗ ਤੇ ਪਸ਼ੂ ਪਾਲਣ ਵਿਭਾਗ ਦਾ ਵੀ ਅਹਿਮ ਯੋਗਦਾਨ ਰਹੇਗਾ। ਉਨ੍ਹਾਂ ਆਖਿਆ ਕਿ ਪਸ਼ੂ ਪਾਲਣ ਵਿਭਾਗ ਇਸ ਪਰਾਲੀ ਨੂੰ ਚਾਰੇ ਲਈ ਸੁਚੱਜੇ ਰੂਪ ਵਿਚ ਵਰਤਣ ਲਈ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਾਏਗਾ।

ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਕੇ ਜੀ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਰਕਾਰੀ ਗਊਸ਼ਾਲਾ ਝਨੇੜੀ ਤੋਂ ਇਲਾਵਾ 62 ਪ੍ਰਾਈਵੇਟ ਗਊਸ਼ਾਲਾਵਾਂ ਹਨ, ਜਿਨ੍ਹਾਂ ਨੂੰ ਇਹ ਪਰਾਲੀ ਉਪਲੱਬਧ ਕਰਾਈ ਜਾਵੇਗੀ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੇ ਮਸਲੇ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਕਿਸਾਨਾਂ, ਕਿਸਾਨ ਸਮੂਹਾਂ ਤੇ ਸਹਿਕਾਰੀ ਸਭਾਵਾਂ ਨੂੰ ਸਬਸਿਡੀ 'ਤੇ ਸੰਦ ਮੁਹੱਈਆ ਕਰਾਏ ਗਏ ਹਨ। ਉਨ੍ਹਾਂ ਕਿਹਾ ਨਵੀਂ ਮਸ਼ੀਨ ਸੁਪਰ ਸੀਡਰ ਤੋਂ ਇਲਾਵਾ ਸੁਪਰ ਐਸਐਮਐਸ ਤੇ ਹੈਪੀ ਸੀਡਰ ਲਈ ਨਵੀਆਂ ਦਰਖਾਸਤਾਂ 19 ਅਕਤੂਬਰ ਤੱਕ ਮੰਗੀਆਂ ਗਈਆਂ ਹਨ, ਇਸ ਲਈ ਵੱਧ ਤੋਂ ਵੱਧ ਕਿਸਾਨ ਇਨ੍ਹਾਂ ਸੰਦਾਂ ਲਈ ਅਪਲਾਈ ਕਰਨ। ਇਸ ਮੀਟਿੰਗ ਵਿਚ ਡੀਡੀਪੀਓ ਨਰਭਿੰਦਰ ਸਿੰਘ ਗਰੇਵਾਲ ਤੋਂ ਇਲਾਵਾ ਗਊਸ਼ਾਲਾ ਮਹਾਂਸੰਘ ਦੇ ਪ੍ਰਧਾਨ, ਮੈਂਬਰ ਤੇ ਬੀਡੀਪੀਓਜ਼ ਮੌਜੂਦ ਸਨ।


cherry

Content Editor

Related News