ਸੰਗਰੂਰ : ਲਾਕਡਾਊਨ ਖ਼ਿਲਾਫ਼ ਵਪਾਰੀ ਵਰਗ ਦੇ ਹੱਕ ਉੱਤਰੀ ਕਿਸਾਨ ਜਥੇਬੰਦੀ, ਸ਼ਨੀਵਾਰ ਨੂੰ ਖੁੱਲ੍ਹਵਾਏਗੀ ਦੁਕਾਨਾਂ

05/07/2021 6:28:47 PM

ਭਵਾਨੀਗੜ੍ਹ (ਕਾਂਸਲ, ਵਿਕਾਸ) : ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਕੀਤੇ ਲਾਕਡਾਊਨ ਖਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਪਾਰੀ ਵਰਗ ਦੇ ਸਮਰਥਨ ’ਚ ਖੜ੍ਹੀ ਹੋ ਗਈ ਹੈ। ਜਿਸ ਅਧੀਨ ਜਥੇਬੰਦੀ ਨੇ 8 ਮਈ ਭਾਵ ਸ਼ਨੀਵਾਰ ਨੂੰ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਬਲਵਿੰਦਰ ਸਿੰਘ ਘਨੌੜ ਜੱਟਾਂ, ਅਮਨਦੀਪ ਸਿੰਘ, ਕਸ਼ਮੀਰ ਸਿੰਘ ਆਲੋਅਰਖ਼ ਅਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਉਨ੍ਹਾਂ ਦੀ ਜਥੇਬੰਦੀ ਵੱਲੋਂ ਦੁਕਾਨਦਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਆਗੂਆਂ ਨੇ ਦੋਸ਼ ਲਾਉਂਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਅਤੇ ਹੁਣ ਵਪਾਰੀ ਵਰਗ ਨੂੰ ਕੋਰੋਨਾ ਮਹਾਮਾਰੀ ਦੀ ਆੜ ’ਚ ਡਰਾ ਕੇ ਆਰਥਿਕ ਪੱਖੋਂ ਬਿਲਕੁਲ ਕਮਜ਼ੋਰ ਕਰਨਾ ਚਾਹੁੰਦੀ ਹੈ। ਸਰਕਾਰਾਂ ਦੁਕਾਨਾਦਾਰਾਂ ਨੂੰ ਜ਼ਰੂਰੀ ਅਤੇ ਗੈਰ-ਜ਼ਰੂਰੀ ਕੈਟਾਗਰੀ ’ਚ ਰੱਖ ਕੇ ਸ਼ਰੇਆਮ ਧੱਕੇਸ਼ਾਹੀ ਦਾ ਸਬੂਤ ਦੇ ਰਹੀਆਂ ਹਨ। ਸਰਕਾਰਾਂ ਦੇ ਅਜਿਹੇ ਮਾਰੂ ਫੈਸਲਿਆਂ ਕਾਰਨ ਦੁਕਾਨਦਾਰਾਂ ਦਾ ਦਮ ਘੁਟਣ ਲੱਗ ਪਿਆ ਹੈ। ਛੋਟੇ ਕਾਰੋਬਾਰੀਆਂ ਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਤਾਂ ਆਪਣੇ ਪਰਿਵਾਰਾਂ ਲਈ ਦੋ ਵਕਤ ਦੀ ਰੋਟੀ ਕਮਾ ਕੇ ਖਾਣ ਦਾ ਪ੍ਰਬੰਧ ਕਰਨਾ ਔਖਾ ਹੋ ਚੁੱਕਾ ਹੈ।

ਆਗੂਆਂ ਨੇ ਦੱਸਿਆ ਕਿ ਲਾਕਡਾਊਨ ਦੇ ਵਿਰੋਧ ’ਚ ਸ਼ਨੀਵਾਰ ਨੂੰ ਸ਼ਹਿਰ ’ਚ ਰੋਸ ਮਾਰਚ ਕਰ ਕੇ ਦੁਕਾਨਾਂ ਖੁੱਲ੍ਹਵਾਈਆਂ ਜਾਣਗੀਆਂ। ਉਨ੍ਹਾਂ ਦੁਕਾਨਦਾਰਾਂ ਨੂੰ ਰੋਸ ਮਾਰਚ ’ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਹਰੇਕ ਦੁਕਾਨਦਾਰ ਨਾਲ ਖੜ੍ਹੇਗੀ। ਜੇਕਰ ਪ੍ਰਸ਼ਾਸਨ ਧੱਕੇਸ਼ਾਹੀ ਦੀ ਨੀਤੀ ਅਪਣਾਉਂਦਾ ਹੈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।
 


Manoj

Content Editor

Related News