ਨਸ਼ੀਲੇ ਪਦਾਰਥਾਂ ਸਮੇਤ 8 ਵਿਅਕਤੀ ਗ੍ਰਿਫਤਾਰ

01/10/2020 5:21:59 PM

ਸੰਗਰੂਰ (ਵਿਵੇਕ ਸਿੰਧਵਾਨੀ) : ਪੁਲਸ ਨੇ 7 ਵੱਖ-ਵੱਖ ਮਾਮਲਿਆਂ ਵਿਚ 680 ਨਸ਼ੀਲੀਆਂ ਗੋਲੀਆਂ, 150 ਕਿਲੋ ਭੁੱਕੀ, 204 ਬੋਤਲਾਂ ਸ਼ਰਾਬ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਜਗਤਾਰ ਸਿੰਘ ਜਦੋਂ ਬੱਸ ਸਟੈਂਡ ਬਾਲੀਆ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਅਰਸ਼ਪ੍ਰੀਤ ਸਿੰਘ ਉਰਫ ਜਿੰਮੀ ਵਾਸੀ ਖੇੜੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 420 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਸੇ ਤਰ੍ਹਾਂ ਨਾਲ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਪਰਮਜੀਤ ਸਿੰਘ ਜਦੋਂ ਗਸ਼ਤ ਦੌਰਾਨ ਉਭੇਵਾਲ ਰੋਡ ਤੋਂ ਸੂਏ ਦੀ ਪਟੜੀ-ਪਟੜੀ ਜਾ ਰਹੇ ਸਨ ਤਾਂ ਇਕ ਵਿਅਕਤੀ ਹੱਥ ਵਿਚ ਲਿਫਾਫਾ ਫੜੀ ਆਉਂਦਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਵੇਖਕੇ ਪਿੱਛੇ ਮੁੜਣ ਹੀ ਲੱਗਾ ਸੀ ਕਿ ਉਸ ਨੂੰ ਕਾਬੂ ਕਰਕੇ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਜਗਤਾਰ ਸਿੰਘ ਉਰਫ ਤਾਰੀ ਵਾਸੀ ਸੰਗਰੂਰ ਵਜੋਂ ਹੋਈ ਹੈ। ਇਕ ਹੋਰ ਮਾਮਲੇ ਵਿਚ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਰਣਧੀਰ ਰਾਮ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਰੇਲਵੇ ਫਾਟਕ ਪਿੰਡ ਗੋਬਿੰਦਪੁਰਾ ਜਵਾਹਰਵਾਲਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਰਜੀਤ ਸਿੰਘ ਉਰਫ ਜੀਤੂ ਵਾਸੀ ਜਵਾਹਰਵਾਲਾ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਲਹਿਰਾ ਵਿਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਜੈਲ ਪੋਸਟ ਚੋਟੀਆਂ ਦੇ ਇੰਚਾਰਜ ਹਰਮਿੰਦਰ ਸਿੰਘ ਜਦੋਂ ਟੀ ਪੁਆਇੰਟ ਚੋਟੀਆਂ ਮੌਜੂਦ ਸੀ ਤਾਂ ਜਾਖਲ ਸਾਈਡ ਤੋਂ ਇਕ ਟਰਾਲਾ ਆਉਂਦਾ ਦਿਖਾਈ ਦਿੱਤਾ। ਟਰਾਲੇ ਨੂੰ ਰੋਕ ਕੇ ਉਸ ਦੀ ਚੈਕਿੰਗ ਡੀ. ਐਸ. ਪੀ. ਬੂਟਾ ਸਿੰਘ ਸਬ ਡਿਵੀਜਨ ਮੂਣਕ ਦੀ ਹਾਜ਼ਰੀ ਵਿਚ ਕੀਤੀ ਗਈ ਤਾਂ 150 ਕਿਲੋ ਭੁੱਕੀ-ਡੋਡੇ ਬਰਾਮਦ ਕੀਤੇ ਗਏ ਅਤੇ ਅਵਤਾਰ ਸਿੰਘ ਵਾਸੀ ਸੰਗਰੂਰ, ਗੁਰਤੇਜ ਸਿੰਘ ਵਾਸੀ ਖੋਖਰ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਵਿਰੁੱਧ ਥਾਣਾ ਲਹਿਰਾ ਵਿਚ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਨਾਲ ਥਾਣਾ ਲੌਂਗੋਵਾਲ ਦੇ ਹੌਲਦਾਰ ਹਰਪਾਲ ਸਿੰਘ ਜਦੋਂ ਬੱਸ ਸਟੈਂਡ ਬਹਾਦਰਪੁਰ ਮੌਜੂਦ ਸੀ ਤਾਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਗੁਰਲਾਲ ਸਿੰਘ ਉਰਫ ਬਾਲਾ ਵਾਸੀ ਬਹਾਦਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 36 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ।

ਇਕ ਹੋਰ ਮਾਮਲੇ ਵਿਚ ਥਾਣਾ ਧਰਮਗੜ੍ਹ•ਦੇ ਹੌਲਦਾਰ ਸੁਖਵਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਜਖੇਪਲ ਪੁੱਜੇ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਨਦੀਪ ਸਿੰਘ ਉਰਫ ਅਮਨਾ ਵਾਸੀ ਜਖੇਪਲ ਆਪਣੀ ਕਾਰ ਵਿਚ ਚੰਡੀਗੜ੍ਹ ਤੋਂ ਸ਼ਰਾਬ ਲੈਣ ਲਈ ਗਿਆ ਹੋਇਆ ਹੈ। ਜੇਕਰ ਨਾਕੇਬੰਦੀ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਸ ਦੀ ਕਾਰ ਵਿਚੋਂ 132 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਨੂੰ ਗਿਰਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਖਨੌਰੀ ਦੇ ਹੌਲਦਾਰ ਗੁਰਪ੍ਰੀਤ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਸਤਵੀਰ ਸਿੰਘ ਵਾਸੀ ਖਨੌਰੀ ਦੇ ਘਰ ਰੇਡ ਕਰਕੇ ਉਸ ਕੋਲੋਂ 20 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ।


cherry

Content Editor

Related News