ਭਾਰੀ ਮਾਤਰਾ ''ਚ ਨਸ਼ੀਲੇ ਪਦਾਰਥਾਂ ਸਮੇਤ 6 ਵਿਅਕਤੀ ਗ੍ਰਿਫਤਾਰ

01/27/2020 3:42:18 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਛੇ ਕੇਸਾਂ 'ਚ 2080 ਨਸ਼ੀਲੀਆਂ ਗੋਲੀਆਂ, 3 ਗ੍ਰਾਮ ਚਿੱਟਾ, 56 ਬੋਤਲਾਂ ਸ਼ਰਾਬ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਿਟੀ ਸੁਨਾਮ ਦੇ ਪੁਲਸ ਅਧਿਕਾਰੀ ਗੁਰਦੇਵ ਸਿੰਘ ਜਦੋਂ ਗਸ਼ਤ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਸੁਨਾਮ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਜਗਰੂਪ ਸਿੰਘ ਉਰਫ ਭੋਲਾ ਵਾਸੀ ਗੁੱਜਰਾਂ ਨਸ਼ੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ ਅਤੇ ਉਹ ਮਿੱਠੂ ਸਿੰਘ ਵਾਸੀ ਗੁੱਜਰਾਂ ਨੂੰ ਨਸ਼ੀਲੀਆਂ ਗੋਲੀਆਂ ਲਿਆਉਣ ਲਈ ਪੈਸੇ ਦਿੰਦਾ ਹੈ। ਇਸ ਤੋਂ ਜੋ ਆਮਦਨ ਹੁੰਦੀ ਹੈ ਉਸਨੂੰ ਦੋਵੇਂ ਵੰਡ ਲੈਂਦੇ ਹਨ। ਜਗਰੂਪ ਸਿੰਘ ਨਸ਼ੀਲੀਆਂ ਗੋਲੀਆਂ ਲਿਆਉਣ ਲਈ ਆਪਣੇ ਪਿੰਡ ਗੁੱਜਰਾਂ 'ਚ ਕਿਸੇ ਵਹੀਕਲ ਦਾ ਇੰਤਜ਼ਾਰ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਕੇ ਜਗਰੂਪ ਸਿੰਘ ਨੂੰ 1500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਜਦੋਂ ਕਿ ਮਿੱਠੂ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਭੇਜ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਭਾਖੜਾ ਕਰੌਂਦਾ ਕੋਲ ਪੁੱਜੇ ਤਾਂ ਇਕ ਨੌਜਵਾਨ ਮੋਟਰਸਾਈਕਲ ਤੇ ਆਉਂਦਾ ਦਿਖਾਈ ਦਿੱਤਾ। ਪੁਲਸ ਪਾਰਟੀ ਨੂੰ ਦੇਖਕੇ ਉਹ ਪਿੱਛੇ ਨੂੰ ਮੁੜਣ ਲੱਗਿਆ ਅਤੇ ਉਸਦਾ ਮੋਟਰਸਾਈਕਲ ਬੰਦ ਹੋ ਗਿਆ। ਉਸਦੇ ਡੱਬ 'ਚੋਂ ਇਕ ਲਿਫਾਫਾ ਡਿੱਗ ਗਿਆ। ਡਿੱਗੇ ਹੋਏ ਲਿਲਾਫੇ 'ਚੋਂ 580 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਦੀ ਪਛਾਣ ਪਰਵਿੰਦਰ ਸਿੰਘ ਵਾਸੀ ਡੇਰਾ ਮੰਡਵੀ ਵਜੋਂ ਹੋਈ। ਇਕ ਹੋਰ ਮਾਮਲੇ 'ਚ ਐਂਟੀ ਨਾਰਕੋਟਿਕ ਸੈੱਲ ਸੰਗਰੂਰ ਦੇ ਪੁਲਸ ਅਧਿਕਾਰੀ ਹਰਦੀਪ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਸ਼ਹੀਦ ਭਗਤ ਸਿੰਘ ਚੌਂਕ ਸੁਨਾਮ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮੂਰਤੀ ਰਾਣੀ ਵਾਸੀ ਸੁਨਾਮ ਚਿੱਟਾ ਵੇਚਣ ਦੀ ਆਦੀ ਹੈ। ਉਸਦਾ ਪਤੀ ਜਵਾਲਾ ਸਿੰਘ ਉਸਨੂੰ ਚਿੱਟਾ ਵੇਚਣ ਲਈ ਸਪਲਾਈ ਕਰਦਾ ਹੈ। ਉਹ ਅੱਜ ਵੀ ਚਿੱਟਾ ਵੇਚਣ ਲਈ ਘਰੋਂ ਪੈਦਲ ਖੜਿਆਲ ਰੋਡ ਸੁਨਾਮ ਨੂੰ ਜਾਵੇਗੀ। ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਕਰਕੇ ਮੂਰਤੀ ਰਾਣੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 3 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਜਦੋਂ ਕਿ ਉਸਦੀ ਪਤੀ ਦੀ ਗ੍ਰਿਫਤਾਰ ਅਜੇ ਬਾਕੀ ਹੈ।

ਇਸੇ ਤਰ੍ਹਾਂ ਨਾਲ ਥਾਣਾ ਸਿਟੀ ਮਾਲੇਰਕੋਟਲਾ ਦੇ ਹੌਲਦਾਰ ਭਿੰਦਰ ਸਿੰਘ ਨੇ ਮਹੁੰਮਦ ਅਰਸ਼ਦ ਵਾਸੀ ਮਾਲੇਰਕੋਟਲਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 9 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ 'ਚ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਪ੍ਰੇਮ ਸਿੰਘ ਨੂੰ ਗਸ਼ਤ ਦੌਰਾਨ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸਦੇ ਹੱਥ 'ਚ ਪਲਾਸਟਿਕ ਦਾ ਥੈਲਾ ਫੜਿਆ ਹੋਇਆ ਸੀ। ਜੋ ਪੁਲਸ ਪਾਰਟੀ ਨੂੰ ਦੇਖਕੇ ਪਿੱਛੇ ਮੁੜਣ ਲੱਗਿਆ। ਸ਼ੱਕ ਦੇ ਆਧਾਰ 'ਤੇ ਉਸਨੂੰ ਕਾਬੂ ਕਰਕੇ ਉਸ ਕੋਲੋਂ 11 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਦਲਜੀਤ ਸਿੰਘ ਵਾਸੀ ਲੌਂਗੋਵਾਲ ਵਜੋਂ ਹੋਈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਨੂੰ ਗਸ਼ਤ ਦੌਰਾਨ ਇਕ ਵਿਅਕਤੀ ਸਿਰ ਤੇ ਪਲਾਸਟਿਕ ਦਾ ਥੈਲਾ ਚੁੱਕੀ ਆਉਂਦਾ ਦਿਖਾਈ ਦਿੱਤਾ। ਜੋ ਪੁਲਸ ਪਾਰਟੀ ਨੂੰ ਦੇਖਕੇ ਪਿੱਛੇ ਮੁੜਣ ਲੱਗਿਆ। ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਸਨੂੰ ਕਾਬੂ ਕਰਕੇ ਉਸ ਕੋਲੋਂ 36 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਉਕਤ ਵਿਅਕਤੀ ਦੀ ਪਛਾਣ ਸੰਦੀਪ ਕੁਮਾਰ ਵਾਸੀ ਸੰਗਰੂਰ ਵਜੋਂ ਹੋਈ।


Baljeet Kaur

Content Editor

Related News