ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀ ਗ੍ਰਿਫਤਾਰ

12/12/2019 5:26:04 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 6 ਵੱਖ-ਵੱਖ ਕੇਸਾਂ ਵਿਚ 55 ਕਿੱਲੋ ਭੁੱਕੀ, 6 ਗ੍ਰਾਮ ਚਿੱਟਾ, 460 ਨਸ਼ੀਲੀਆਂ ਗੋਲੀਆਂ ਅਤੇ 88 ਬੋਤਲਾਂ ਸ਼ਰਾਬ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂਕਿ 5 ਫਰਾਰ ਹਨ।
ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਬਲਵੀਰ ਸਿੰਘ ਜਦੋਂ ਗਸ਼ਤ ਦੌਰਾਨ ਰੈਸਟ ਹਾਊਸ ਦੇ ਨਜ਼ਦੀਕ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਮੀਰ ਖਾਨ ਅਤੇ ਮੁਹੰਮਦ ਸਲਮਾਨ ਮੋਟਰਸਾਈਕਲ 'ਤੇ ਚਿੱਟਾ ਵੇਚਣ ਦਾ ਧੰਦਾ ਕਰਦੇ ਹਨ। ਇਨ੍ਹਾਂ ਨੂੰ ਅਬਦੁਲ ਮਜੀਦ ਚਿੱਟਾ ਸਪਲਾਈ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਅਮੀਰ ਖਾਨ ਅਤੇ ਮੁਹੰਮਦ ਸਲਮਾਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 5 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਥਾਣਾ ਸੰਦੌੜ ਦੇ ਪੁਲਸ ਅਧਿਕਾਰੀ ਹਰਜਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਅੱਡਾ ਸੰਦੌੜ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸ਼ਰੀਫ ਮੁਹੰਮਦ ਬਾਹਰੋਂ ਭਾਰੀ ਮਾਤਰਾ ਵਿਚ ਭੁੱਕੀ ਚੂਰਾ ਪੋਸਤ ਲਿਆ ਕੇ ਪਿੰਡਾਂ ਵਿਚ ਵੇਚਣ ਦਾ ਆਦੀ ਹੈ। ਉਹ ਅੱਜ ਵੀ ਆਪਣੇ ਘਰ ਤੋਂ ਪੱਕੀ ਸੜਕ ਰਾਹੀਂ ਪਿੰਡ ਖੁਰਦ ਵੱਲ ਨੂੰ ਜਾਵੇਗਾ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 25 ਕਿੱਲੋ ਭੁੱਕੀ ਅਤੇ 3 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਨਾਲ ਪੁਲਸ ਚੌਂਕੀ ਘਰਾਚੋਂ ਦੇ ਪੁਲਸ ਅਧਿਕਾਰੀ ਹਾਕਮ ਸਿੰਘ ਗਸ਼ਤ ਦੌਰਾਨ ਬਾਸੀਅਰਕ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਕੌਰਾ ਸਿੰਘ ਵਾਸੀ ਬਾਸੀਅਰਕ ਨੇ ਬੈੱਡ ਦੇ ਹੇਠਾਂ ਨਸ਼ੀਲੀਆਂ ਗੋਲੀਆਂ ਲੁਕੋ ਕੇ ਰੱਖੀਆਂ ਹੋਈਆਂ ਹਨ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਸ ਕੋਲੋਂ 460 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਸ਼ੇਰਪੁਰ ਦੇ ਪੁਲਸ ਅਧਿਕਾਰੀ ਸੁਖਪਾਲ ਸਿੰਘ ਗਸ਼ਤ ਦੌਰਾਨ ਜਦੋਂ ਦੀਦਾਰਗੜ੍ਹ ਰੋਡ ਸ਼ੇਰਪੁਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਭਰਪੂਰ ਸਿੰਘ ਉਰਫ ਭੂਰਾ ਵਾਸੀ ਸ਼ੇਰਪੁਰ ਬਾਹਰੋਂ ਸਸਤੇ ਭਾਅ ਵਿਚ ਸ਼ਰਾਬ ਲਿਆ ਕੇ ਵੇਚਦਾ ਹੈ ਜੇਕਰ ਉਸਦੇ ਘਰ ਰੇਡ ਕੀਤੀ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ ਹੈ। ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਰੇਡ ਕਰਕੇ ਉਸ ਕੋਲੋਂ 16 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ।

ਇਕ ਹੋਰ ਮਾਮਲੇ ਵਿਚ ਪੁਲਸ ਅਧਿਕਾਰੀ ਸੁਖਪਾਲ ਸਿੰਘ ਜਦੋਂ ਗਸ਼ਤ ਦੌਰਾਨ ਜਾ ਰਹੇ ਸਨ ਤਾਂ ਇਕ ਮੋਟਰਸਾਇਕਲ 'ਤੇ ਦੋ ਵਿਅਕਤੀ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਕੋਲ 2 ਪਲਾਸਟਿਕ ਦੇ ਥੈਲੇ ਫੜੇ ਹੋਏ ਸਨ, ਪੁਲਸ ਪਾਰਟੀ ਨੂੰ ਵੇਖਕੇ ਘਬਰਾ ਗਏ ਅਤੇ ਉਨ੍ਹਾਂ ਨੇ ਕਿਸੇ ਦੇ ਘਰ ਮੋਟਰਸਾਇਕਲ ਵਾੜ ਦਿੱਤਾ। ਉਹ ਦੋਵੇਂ ਪਲਾਸਟਿਕ ਦੇ ਥੈਲੇ ਛੱਡ ਕੇ ਹਨੇਰੇ ਦਾ ਲਾਭ ਉਠਾਉਂਦੇ ਹੋਏ ਭੱਜ ਗਏ। ਥੈਲਿਆਂ ਵਿਚੋਂ 25 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਫਰਾਰ ਹੋਏ ਰਿੰਕੂ ਸਿੰਘ ਅਤੇ ਮੱਖਣ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਜਦੋਂ ਗਸ਼ਤ ਦੌਰਾਨ ਡਰੇਨ ਦੀ ਪਟੜੀ-ਪਟੜੀ ਜਾ ਰਹੇ ਸਨ ਤਾਂ ਕੈਰੋਂ ਫੈਕਟਰੀ ਤੋਂ ਇਕ ਕਿਲੋਮੀਟਰ ਪਿੱਛੇ 3 ਨੌਜਵਾਨ ਘਾਹ-ਫੂਸ ਵਿਚ ਕੋਈ ਚੀਜ਼ ਲੁਕੋਂਦੇ ਦੇਖੇ ਜੋ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਏ। ਘਾਹ-ਫੂਸ ਵਿਚੋਂ 72  ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਫਰਾਰ ਹੋਏ ਵਿਅਕਤੀਆਂ ਦੀ ਪਛਾਣ ਸ਼ਿਵ ਕੁਮਾਰ, ਲੱਕੀ ਅਤੇ ਸੰਨੀ ਵਾਸੀਆਨ ਸੰਗਰੂਰ ਦੇ ਤੌਰ 'ਤੇ ਹੋਈ।

cherry

This news is Content Editor cherry