ਨਸ਼ੇ ਵਾਲੀਆਂ ਗੋਲੀਆਂ ਅਤੇ ਨਾਜਾਇਜ਼ ਸ਼ਰਾਬ ਸਮੇਤ 4 ਗ੍ਰਿਫਤਾਰ

02/03/2020 5:22:08 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 4 ਕੇਸਾਂ 'ਚ ਨਸ਼ੇ ਵਾਲੀਆਂ 500 ਗੋਲੀਆਂ, 99 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂਕਿ ਇਕ ਵਿਅਕਤੀ ਦੀ ਗ੍ਰਿਫਤਾਰੀ ਬਾਕੀ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਜਗਤਾਰ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਲੱਡੀ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮਾਇਆ ਦੇਵੀ ਵਾਸੀ ਸੰਗਰੂਰ ਨਸ਼ੇ ਵਾਲੀਆਂ ਗੋਲੀਆਂ ਵੇਚਣ ਦੀ ਆਦੀ ਹੈ। ਸੂਚਨਾ ਦੇ ਆਧਾਰ 'ਤੇ ਮਾਇਆ ਦੇਵੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਨਸ਼ੇ ਵਾਲੀਆਂ 500 ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਸੇ ਤਰ੍ਹਾਂ ਥਾਣਾ ਛਾਜਲੀ ਦੇ ਹੌਲਦਾਰ ਕਮਲਜੀਤ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਅੱਡਾ ਮਹਿਲਾਂ ਚੌਕ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੁੱਖਾ ਸਿੰਘ ਅਤੇ ਜਗਦੇਵ ਸਿੰਘ ਵਾਸੀ ਰਟੌਲਾਂ ਹਰਿਆਣਾ ਤੋਂ ਸ਼ਰਾਬ ਲਿਆ ਕੇ ਅੱਗੇ ਵੇਚਦੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਨਜ਼ਦੀਕ ਧਰਮਸ਼ਾਲਾ 'ਚ ਸ਼ਰਾਬ ਲੁਕੋ ਕੇ ਰੱਖੀ ਹੋਈ ਹੈ। ਜੇਕਰ ਰੇਡ ਕੀਤੀ ਜਾਵੇ ਤਾਂ ਉਥੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋ ਸਕਦੀ ਹੈ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਉਨ੍ਹਾਂ ਕੋਲੋ 60 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸੇ ਤਰ੍ਹਾਂ ਥਾਣਾ ਸ਼ੇਰਪੁਰ ਦੇ ਹੌਲਦਾਰ ਓਮਕਾਰ ਸਿੰਘ ਨੇ ਕੇਸਰ ਸਿੰਘ ਵਾਸੀ ਸ਼ੇਰਪੁਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 15 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ 'ਚ ਥਾਣਾ ਲੌਂਗੋਵਾਲ ਦੇ ਹੌਲਦਾਰ ਜਸਜੋਤ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਪਿੰਡ ਬੁੱਗਰਾਂ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਨਾਜਮ ਸਿੰਘ ਵਾਸੀ ਮੰਡੇਰ ਖੁਰਦ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਜੇਕਰ ਉਸ ਦੇ ਖੇਤ 'ਚ ਰੇਡ ਕੀਤੀ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ ਹੈ। ਸੂਚਨਾ ਦੇ ਆਧਾਰ 'ਤੇ ਉਸਦੇ ਖੇਤ 'ਚ ਰੇਡ ਕਰ ਕੇ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।


cherry

Content Editor

Related News