ਵੱਖ-ਵੱਖ ਮਾਮਲਿਆਂ ''ਚ ਨਸ਼ੀਲੇ ਪਦਾਰਥਾਂ ਸਮੇਤ 10 ਗ੍ਰਿਫਤਾਰ

01/07/2020 4:40:47 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 8 ਵੱਖ-ਵੱਖ ਮਾਮਲਿਆਂ ਵਿਚ 70 ਗ੍ਰਾਮ ਚਿੱਟਾ, 20,200 ਨਸ਼ੀਲੀਆਂ ਗੋਲੀਆਂ, 167 ਬੋਤਲਾਂ ਸ਼ਰਾਬ, 200 ਲੀਟਰ ਲਾਹਣ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਐਸ. ਐਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਬਾਲਾਜੀ ਮੰਦਰ ਕੋਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਜੈ ਕੁਮਾਰ ਵਾਸੀ ਸੁਨਾਮ, ਨਵਨੀਤ ਸਿੰਘ ਉਰਫ ਬਾਰੂ ਅਤੇ ਸ਼ਿੰਦੀ ਵਾਸੀਆਨ ਸੰਗਰੂਰ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਉਹ ਅੱਜ ਵੀ ਇਕ ਗੱਡੀ ਵਿਚ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਲੋਡ ਕਰਕੇ ਮੋਰਾਂਵਾਲੀ ਤੋਂ ਬਿਗੜਵਾਲ ਰੋਡ ਵੱਲ ਜਾਣਗੇ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਨ੍ਹਾਂ ਕੋਲੋਂ 20 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਥਾਣਾ ਸਿਟੀ ਸੁਨਾਮ ਵਿਚ ਕੇਸ ਦਰਜ ਕੀਤਾ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਹਰਦੀਪ ਸਿੰਘ ਜਦੋਂ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਭਗਤ ਸਿੰਘ ਚੌਂਕ ਸੁਨਾਮ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਦਰਸ਼ਨਾ ਵਾਸੀ ਸੁਨਾਮ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ। ਉਹ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਖੜਿਆਲ ਰੋਡ ਨੂੰ ਜਾਵੇਗੀ। ਸੂਚਨਾ ਦੇ ਆਧਾਰ 'ਤੇ ਉਸ ਨੂੰ ਕਾਬੂ ਕਰਕੇ ਉਸ ਕੋਲੋਂ 200 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਕ ਹੋਰ ਮਾਮਲੇ ਵਿਚ ਐਂਟੀ ਨਾਰਕੋਟਿਕ ਸੈਲ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਸੁਖਦੇਵ ਸਿੰਘ ਜਦੋਂ ਗਸ਼ਤ ਦੌਰਾਨ ਡ੍ਰੇਨ ਪੁਲ ਧੂਰੀ ਰੋਡ ਮਾਲੇਰਕੋਟਲਾ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਮੁਹੰਮਦ ਰਹਿਮਾਨ ਅਤੇ ਮੁਹੰਮਦ ਰਾਸ਼ੀਦ ਵਾਸੀ ਮਾਲੇਰਕੋਟਲਾ ਚਿੱਟਾ ਵੇਚਣ ਦੇ ਆਦੀ ਹਨ। ਉਹ ਅੱਜ ਵੀ ਮਾਲੇਰਕੋਟਲਾ ਸ਼ਹਿਰ ਵਿਚ ਇਕ ਗੱਡੀ ਵਿਚ ਚਿੱਟਾ ਵੇਚਣ ਲਈ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਨ੍ਹਾਂ ਕੋਲੋਂ 70 ਗ੍ਰਾਮ ਚਿੱਟਾ ਬਰਾਮਦ ਕਰਕੇ ਥਾਣਾ ਮਾਲੇਰਕੋਟਲਾ ਵਿਚ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਥਾਣਾ ਲਹਿਰਾ ਦੇ ਹੌਲਦਾਰ ਸਤਿਗੁਰ ਸਿੰਘ ਜਦੋਂ ਬੱਸ ਅੱਡਾ ਪਿੰਡ ਲਦਾਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਖਚੈਨ ਸਿੰਘ ਉਰਫ ਘਾਚਾ ਵਾਸੀ ਲਦਾਲ ਨਾਜਾਇਜ ਸ਼ਰਾਬ ਕੱਢਣ ਦਾ ਆਦੀ ਹੈ। ਸੂਚਨਾ ਦੇ ਆਧਾਰ 'ਤੇ ਉਸ ਦੇ ਘਰ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 200 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਇਕ ਹੋਰ ਮਾਮਲੇ ਵਿਚ ਥਾਣਾ ਅਹਿਮਦਗੜ੍ਹ ਦੇ ਹੌਲਦਾਰ ਜਗਮੇਲ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਜਿੰਦਰ ਸਿੰਘ ਉਰਫ ਟੇਂਡਰ ਵਾਸੀ ਜੰਡਾਲੀ ਕਲਾਂ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 36 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਕ ਹੋਰ ਮਾਮਲੇ ਵਿਚ ਥਾਣਾ ਸਦਰ ਅਹਿਮਦਗੜ੍ਹ ਦੇ ਪੁਲਸ ਅਧਿਕਾਰੀ ਨਿਰਭੈ ਸਿੰਘ ਨੇ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਸੁਖਵਿੰਦਰ ਸਿੰਘ ਵਾਸੀ ਜੰਡਾਲੀ ਕਲਾਂ ਦੇ ਘਰ ਰੇਡ ਕਰਕੇ ਉਸ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਕੋਲੋਂ 27 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ।

ਇਕ ਹੋਰ ਮਾਮਲੇ ਵਿਚ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਗੁਰਮੀਤ ਸਿੰਘ ਨੇ ਮਾਲੀ ਸਿੰਘ ਵਾਸੀ ਲੋਹਾਖੇੜਾ ਦੇ ਘਰ ਰੇਡ ਕਰਕੇ ਉਸ ਨੂੰ ਕਾਬੂ ਕਰਦੇ ਹੋਏ ਉਸ ਕੋਲੋਂ 35 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਨਾਲ ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਗੁਰਬਖਸ਼ ਸਿੰਘ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਤਰਸੇਮ ਸਿੰਘ ਵਾਸੀ ਲੋਹਾਖੇੜਾ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਜੇਕਰ ਉਸ ਦੇ ਘਰ ਰੇਡ ਕੀਤੀ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ ਹੈ। ਦੋਸ਼ੀ ਦੇ ਘਰ ਰੇਡ ਕਰਕੇ 35 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਤਰਸੇਮ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ।

cherry

This news is Content Editor cherry