ਸੰਗਰੂਰ : ਨੌਜਵਾਨਾਂ ਨੇ ਮਿਲ ਕੇ ਕੀਤਾ ਦੋਸਤ ਦਾ ਕਤਲ

10/15/2019 5:22:15 PM

ਸੰਗਰੂਰ,ਖਨੌਰੀ (ਬੇਦੀ,ਹਰਜੀਤ) : ਨਜ਼ਦੀਕੀ ਪਿੰਡ ਕਰੋਦਾ ਵਿਖੇ ਬੀਤੀ ਰਾਤ 2 ਨੌਜਵਾਨਾਂ ਵੱਲੋਂ ਆਪਣੇ ਹੀ 25 ਸਾਲਾ ਦੋਸਤ ਦਾ ਕਤਲ ਕਰਕੇ ਉਸ ਨੂੰ ਖ਼ੁਦਕੁਸ਼ੀ ਸਾਬਤ ਕਰਨ ਦਾ ਇਕ ਸਨਸਨੀਖ਼ੇਜ਼ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਥਾਣਾ ਖਨੌਰੀ ਵਿਖੇ ਡੀ.ਐਸ.ਪੀ ਮੂਨਕ ਬੂਟਾ ਸਿੰਘ ਗਿੱਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੇ ਦੇ ਪਿਤਾ ਰਾਮ ਦੀਆ ਪੁੱਤਰ ਮਾਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਹ ਪਿੰਡ ਤੋਂ ਕਰੀਬ ਅੱਧਾ ਕਿੱਲੋਮੀਟਰ ਬਾਹਰ ਡੇਰੇ ਵਿਚ ਰਹਿੰਦੇ ਹਨ। ਉਸ ਦੇ 2 ਲੜਕੇ ਅਤੇ ਇਕ ਲੜਕੀ ਹੈ ਅਤੇ ਤਿੰਨੇ ਹੀ ਵਿਆਹੇ ਹੋਏ ਹਨ। ਮ੍ਰਿਤਕ ਦੇ ਪਿਤਾ ਅਨੁਸਾਰ ਉਸ ਦੇ ਛੋਟੇ ਲੜਕੇ ਜਸਵਿੰਦਰ ਸਿੰਘ ਦੀ ਉਮਰ ਕਰੀਬ 25 ਸਾਲ ਹੈ ਅਤੇ ਉਹ ਵੀ ਖੇਤੀਬਾੜੀ ਦਾ ਕੰਮ ਕਰਦਾ ਸੀ। ਬੀਤੇ ਦਿਨ ਸ਼ਾਮ ਨੂੰ ਜਸਵਿੰਦਰ ਸਿੰਘ ਆਪਣੇ ਮੋਟਰਸਾਈਕਲ 'ਤੇ ਪਿੰਡ ਕਰੋਦਾ ਵਿਖੇ ਕੰਮਕਾਰ ਲਈ ਗਿਆ ਸੀ, ਜਿੱਥੇ ਉਸ ਨੂੰ ਰਣਧੀਰ ਸਿੰਘ ਪੁੱਤਰ ਰਾਮਫਲ ਅਤੇ ਸ਼ਲਿੰਦਰ ਪੁੱਤਰ ਰਾਮਕਲਾ ਵਾਸੀ ਕਰੋਦਾ ਮਿਲੇ। ਮ੍ਰਿਤਕ ਦੇ ਪਿਤਾ ਅਨੁਸਾਰ ਇਹੋ ਦੋਵੇਂ ਰਾਤ ਕਰੀਬ 1 ਵਜੇ ਬੋਲੈਰੋ ਪਿਕਅੱਪ ਗੱਡੀ 'ਤੇ ਜਸਵਿੰਦਰ ਨੂੰ ਘਰ ਛੱਡਣ ਆਏ ਸਨ ਜੱਦੋਂ ਉਸ ਨੇ ਆਪਣੇ ਲੜਕੇ ਦੀ ਹਾਲਤ ਦੇਖੀ ਤਾਂ ਉਸ ਦੇ ਲੜਕੇ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਉਸ ਦੇ ਲੜਕੇ ਦੀ ਧੌਣ ਦੇ ਖੱਬੇ ਪਾਸੇ ਨੀਲ ਦਾ ਨਿਸ਼ਾਨ ਸੀ ਅਤੇ ਸਰੀਰ 'ਤੇ ਜ਼ਖਮ ਸਨ। ਡੀ.ਐਸ.ਪੀ. ਮੂਨਕ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਖਨੌਰੀ ਵਿਖੇ ਮੁਕੱਦਮਾ ਦਰਜ ਕਰਕੇ ਦੋਵਾਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।


cherry

Content Editor

Related News