ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਸੰਭਾਲਿਆ ਅਹੁਦਾ

08/26/2019 1:48:16 PM

ਸੰਗਰੂਰ (ਵਿਵੇਕ) : ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਇੰਪਰੂਵਮੈਂਟ ਟਰੱਸਟਾਂ ਵਿਚ ਕੀਤੀਆਂ ਗਈਆਂ ਨਿਯੁਕਤੀਆਂ ਦੇ ਤਹਿਤ ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਐਲਾਨ ਕੀਤੇ ਚੇਅਰਮੈਨ ਨਰੇਸ਼ ਗਾਬਾ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਉਨ੍ਹਾਂ ਦੀ ਤਾਜਪੋਸ਼ੀ ਦੇ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਤਹਿਤ ਸੰਗਰੂਰ ਦੇ ਇਕ ਟਕਸਾਲੀ ਕਾਂਗਰਸੀ ਪਰਿਵਾਰ ਨੂੰ ਮਾਣ ਦਿੱਤਾ ਗਿਆ ਹੈ ਜੋ ਕਿ ਕਾਂਗਰਸ ਲਈ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਰੇਸ਼ ਗਾਬਾ ਜੀ ਦਾ ਪਰਿਵਾਰ ਮੁੱਢ ਤੋਂ ਹੀ ਕਾਂਗਰਸ ਦੀ ਸੇਵਾ ਵਿਚ ਰਿਹਾ ਹੈ ਤੇ ਪਾਰਟੀ ਦੀ ਨਿਸ਼ਕਾਮ ਸੇਵਾ ਕੀਤੀ ਹੈ ਜਿਸ ਦੀ ਬਦੌਲਤ ਪਾਰਟੀ ਵੱਲੋਂ ਅੱਜ ਇਸ ਪਰਿਵਾਰ ਨੂੰ ਇਕ ਵੱਡੀ ਸੌਗਾਤ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਵੱਲੋਂ ਹੋਰਨਾਂ ਵਿਭਾਗਾਂ ਵਿਚ ਵੀ ਨਵੀਆਂ ਅਹੁਦੇਦਾਰੀਆਂ ਦਾ ਐਲਾਨ ਕੀਤੇ ਜਾਣੇ ਹਨ ਤਾਂ ਜੋ ਕਾਂਗਰਸ ਦੇ ਹਰ ਵਰਕਰ ਤੇ ਅਹੁਦੇਦਾਰ ਨੂੰ ਬਣਦਾ ਸਨਮਾਨ ਦਿੱਤਾ ਜਾ ਸਕੇ।

ਇਸ ਨਿਯੁਕਤੀ ਨੂੰ ਲੈ ਕੇ ਕਾਂਗਰਸੀ ਅਹੁਦੇਦਾਰਾਂ ਵਿਚ ਗਿਲੇ-ਸ਼ਿਕਵੇ ਦੇ ਮਸਲੇ ਨੂੰ ਮੁੱਢ ਤੋਂ ਨਕਾਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਮੁੱਚੀ ਕਾਂਗਰਸ ਅਤੇ ਇਸ ਦੇ ਵਰਕਰ ਇੱਕਮੁੱਠ ਹਨ ਕਿਸੇ ਦੇ ਮਨ ਵਿਚ ਕੋਈ ਗੁੱਸਾ ਗਿਲਾ ਨਹੀਂ । ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਨਰੇਸ਼ ਗਾਬਾ ਨੇ ਇਸ ਮੌਕੇ ਸਮੁੱਚੀ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਵਜ਼ੀਰ ਵਿਜੈਇਦਰ ਸਿੰਗਲਾ ਦਾ ਉਚੇਚੇ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਇਸ ਵੱਡੇ ਮਾਣ ਨਾਲ ਸਨਮਾਨਿਆ ਗਿਆ ਹੈ। ਉਹ ਪੂਰੀ ਉਮਰ ਪਾਰਟੀ ਦਾ ਇਸ ਲਈ ਕੋਈ ਦੇਣ ਨਹੀਂ ਦੇ ਸਕਦੇ ਅਤੇ ਆਪਣੇ ਇਸ ਅਹੁਦੇ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਨਵੀਨ ਕੁਮਾਰ ਸ਼ਰਮਾ, ਜਸਪਾਲ ਵਲੇਚਾ, ਕੰਚਨ ਸਿੰਘ ਆਦਿ ਹਾਜ਼ਰ ਸਨ।


cherry

Content Editor

Related News