ਨਸ਼ੀਲੇ ਪਦਾਰਥਾਂ ਸਮੇਤ 4 ਗ੍ਰਿਫਤਾਰ, 1 ਫਰਾਰ

10/18/2019 5:18:11 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਤਿੰਨ ਵੱਖ-ਵੱਖ ਕੇਸਾਂ ਵਿਚ 3 ਗ੍ਰਾਮ ਚਿੱਟਾ, 60 ਬੋਤਲਾਂ ਸ਼ਰਾਬ, 14 ਗ੍ਰਾਮ ਸੁਲਫੇ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮਾਲੇਰਕੋਟਲਾ ਦੇ ਐਂਟੀ ਨਾਰਕੋਟਿਕ ਸੈੱਲ ਦੇ ਬਲਵੀਰ ਸਿੰਘ ਜਦੋਂ ਨਾਕਾਬੰਦੀ ਦੌਰਾਨ ਪੁਰਾਣੀਆਂ ਕਚਹਿਰੀਆਂ ਮਾਲੇਰਕੋਟਲਾ ਮੌਜੂਦ ਸਨ ਤਾਂ ਇਕ ਵਿਅਕਤੀ ਸਕੂਟਰੀ 'ਤੇ ਟਰੱਕ ਯੂਨੀਅਨ ਵੱਲੋਂ ਆਉਂਦਾ ਦਿਖਾਈ ਦਿੱਤਾ, ਜੋ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜਨ ਲੱਗਿਆ। ਸ਼ੱਕ ਪੈਣ 'ਤੇ ਪੁਲਸ ਨੇ ਉਸ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲੈਣ 'ਤੇ ਉਸ ਕੋਲੋਂ 3 ਗ੍ਰਾਮ ਚਿੱਟਾ ਅਤੇ 14 ਗ੍ਰਾਮ ਸੁਲਫਾ ਬਰਾਮਦ ਕਰ ਕੇ ਥਾਣਾ ਸਿਟੀ ਬਰਨਾਲਾ ਵਿਚ ਕੇਸ ਦਰਜ ਕਰ ਦਿੱਤਾ। ਵਿਅਕਤੀ ਦੀ ਪਛਾਣ ਸਮਸ਼ਾਦ ਵਾਸੀ ਮਾਲੇਰਕੋਟਲਾ ਵਜੋਂ ਹੋਈ।

ਇਸੇ ਤਰ੍ਹਾਂ ਥਾਣਾ ਸਦਰ ਧੂਰੀ ਦੇ ਹੌਲਦਾਰ ਪਰਮਵੀਰ ਸਿੰਘ ਜਦੋਂ ਪੁਲਸ ਪਾਰਟੀ ਨਾਲ ਪਿੰਡ ਰਣੀਕੇ ਮੌਜੂਦ ਸਨ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਨਦੀਪ ਸਿੰਘ ਵਾਸੀ ਘਨੌਰੀ ਕਲਾਂ, ਵੀਰਪਾਲ ਸਿੰਘ ਉਰਫ ਲੱਕੀ ਵਾਸੀ ਰੂੜਗੜ੍ਹ ਇਕ ਗੱਡੀ 'ਤੇ ਸਵਾਰ ਹੋ ਕੇ ਸਸਤੇ ਭਾਅ 'ਚ ਸ਼ਰਾਬ ਲੈ ਕੇ ਵੇਚਦੇ ਹਨ, ਜੋ ਅੱਜ ਵੀ ਗੱਡੀ 'ਤੇ ਸਵਾਰ ਹੋ ਕੇ ਮੂਲੋਵਾਲ ਰਣੀਕੇ ਸਾਈਡ ਸ਼ਰਾਬ ਲੈ ਕੇ ਵੇਚਣ ਲਈ ਆ ਰਹੇ ਹਨ। ਸੂਚਨਾ ਦੇ ਆਧਾਰ 'ਤੇ ਪਿੰਡ ਘਨੌਰੀ ਕਲਾਂ ਜਿਮ ਕੋਲ ਅਮਨਦੀਪ ਸਿੰਘ ਨੂੰ ਗੱਡੀ ਸਮੇਤ ਗ੍ਰਿਫਤਾਰ ਕਰ ਕੇ ਉਸ ਕੋਲੋਂ 48 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਜਦੋਂ ਕਿ ਵੀਰਪਾਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

ਇਕ ਹੋਰ ਮਾਮਲੇ ਵਿਚ ਥਾਣਾ ਖਨੌਰੀ ਦੇ ਪੁਲਸ ਅਧਿਕਾਰੀ ਕਰਮਜੀਤ ਸਿੰਘ ਜਦੋਂ ਗਸ਼ਤ ਦੌਰਾਨ ਸਹਾਰਾ ਕਲੱਬ ਖਨੌਰੀ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸੁਖਦੀਪ ਸਿੰਘ ਵਾਸੀ ਅਮਰਗੜ੍ਹ, ਬਿੱਟੂ ਵਾਸੀ ਗੁੱਜਰਾਂ ਥਾਣਾ ਪਾਤੜਾਂ ਮੋਟਰਸਾਈਕਲ 'ਤੇ ਭਾਰੀ ਮਾਤਰਾ ਵਿਚ ਸ਼ਰਾਬ ਲਿਆ ਕੇ ਤੁਰ-ਫਿਰ ਕੇ ਵੇਚਣ ਦੇ ਆਦੀ ਹਨ। ਸੂਚਨਾ ਦੇ ਆਧਾਰ 'ਤੇ ਰੇਡ ਕਰ ਕੇ ਇਨ੍ਹਾਂ ਕੋਲੋਂ 12 ਬੋਤਲਾਂ ਨਾਜਾਇਜ਼ ਸ਼ਰਾਬ ਅੰਗਰੇਜ਼ੀ ਹਰਿਆਣਾ ਬਰਾਮਦ ਕੀਤੀ ਗਈ।


cherry

Content Editor

Related News