ਦਲਿਤਾਂ ਦੀਆਂ ਜ਼ਮੀਨ ਖੋਹਣ ਦੇ ਖਿਲਾਫ਼ DC ਦਫ਼ਤਰ ਅੱਗੇ ਧਰਨਾ ਲਗਾ ਕੀਤਾ ਰੋਸ ਮੁਜ਼ਾਹਰਾ

05/28/2020 6:55:49 PM

ਸੰਗਰੂਰ (ਸਿੰਗਲਾ) - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਕੋਰੋਨਾ ਦੀ ਆੜ ’ਚ ਪੇਂਡੂ ਧਨਾਡ ਚੌਧਰੀਆਂ, ਅਫਸਰਸ਼ਾਹੀ ਅਤੇ ਸਰਕਾਰ ਵੱਲੋਂ ਦਲਿਤਾਂ ਦੀਆਂ ਜ਼ਮੀਨ ਖੋਹਣ ਦੇ ਖਿਲਾਫ਼ ਡੀ.ਸੀ. ਦਫ਼ਤਰ ਅੱਗੇ ਧਰਨਾ ਲਾ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਪ੍ਰਧਾਨ ਮੁਕੇਸ਼ ਮਲੋਦ, ਬਿੱਕਰ ਹਥੋਆ ,ਜਗਤਾਰ ਤੋਲੇਵਾਲ ਨੇ ਦੱਸਿਆ ਕਿ ਪੰਚਾਇਤ ਵਿਭਾਗ ਅਤੇ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੀ ਆੜ ਵਿੱਚ ਜਿਹੜੇ ਦਲਿਤ ਹਰੇ ਚਾਰੇ ਤੇ ਆਪਣੇ ਗੁਜਾਰੇ ਲਈ ਜ਼ਮੀਨਾਂ ਵਾਹ ਰਹੇ ਹਨ। ਉਨ੍ਹਾਂ ਦੀਆਂ ਜ਼ਮੀਨਾਂ ਖੋਹਣ ਲਈ ਰੇਟ ਵਧਾ ਕੇ ਡੰਮੀ ਬੋਲੀਆਂ ਕਰ ਰਿਹਾ ਹੈ, ਜਦੋਂਕਿ ਕਾਨੂੰਨ ਮੁਤਾਬਕ ਬਹੁਗਿਣਤੀ ਨੂੰ ਸਾਂਝੀ ਖੇਤੀ ਲਈ ਜ਼ਮੀਨ ਦਿੱਤੀ ਜਾਂਦੀ ਹੈ। ਦੂਜੇ ਪਾਸੇ ਇਨ੍ਹਾਂ ਕਾਨੂੰਨਾਂ ਦੀ ਖੁਦ ਸਰਕਾਰੀ ਅਫਸਰਾਂ ਵਲੋਂ ਧੱਜੀਆ ਉਡਾਈਆਂ ਜਾ ਰਹੀਆ ਹਨ। 

ਲਾਕਡਾਊਨ ਦੇ ਸਹਾਰੇ ਦਲਿਤਾਂ ਨੂੰ ਦੁਬਾਰਾ ਜ਼ਮੀਨ ਵਿਹੂਣੇ ਕਰਨ ਦੀ ਸਾਜਸ਼ ਕੀਤੀ ਜਾ ਰਹੀ ਹੈ। ਸਰਕਾਰ ਮਜ਼ਦੂਰਾਂ ਦੀ ਮਦਦ ਕਰਨ ਦਾ ਪਖੰਡ ਕਰ ਰਹੀ ਹੈ, ਜਦੋਂਕਿ ਪਿੰਡਾਂ ਵਿੱਚ ਚੌਧਰੀਆਂ ਦੀ ਅਫਸਰਸ਼ਾਹੀ ਨਾਲ ਮਿਲੀਭੁਗਤ ਨਾਲ ਦਲਿਤਾਂ ਦੀ ਜ਼ਮੀਨ ਖੋਹ ਰਹੇ ਹਨ। ਆਗੂਆਂ ਨੇ ਕਿਹਾ ਕਿ ਦਲਿਤ ਆਪਣੇ ਹਿੱਸੇ ਦੀ ਜ਼ਮੀਨ ਕਿਸੇ ਵੀ ਹਾਲ ਨਹੀ ਖੋਹਣ ਦੇਣਗੇ। ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਰੇਟ ਵਧਾਏ ਗਏ ਹਨ ਅਤੇ ਡੰਮੀਆਂ ਬੋਲੀਆਂ ਹੋਈਆਂ ਹਨ, ਉਨ੍ਹਾਂ ਡੰਮੀਆਂ ਬੋਲੀਆਂ ਨੂੰ ਰੱਦ ਕਰਵਾਉਣ ਅਤੇ ਰੇਟ ਘਟਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਦੂਜਾ, ਜਿਹੜੇ ਪਿੰਡ ਆਪਣੇ ਹਿਸੇ ਦੀ ਜ਼ਮੀਨ ’ਚ ਕਬਜ਼ਾ ਕਰਕੇ ਬੈਠੇ ਹਨ, ਉਨ੍ਹਾਂ ਦਾ ਕਬਜ਼ਾ ਜਾਰੀ ਰਹੇਗਾ। ਪ੍ਰਸ਼ਾਸਨ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦੇਣ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਜਲਦ ਕੀਤਾ ਜਾਵੇਗਾ। ਅੱਜ ਦੇ ਧਰਨੇ ’ਚ ਹਰਬੰਸ ਕੁਲਾਰਾ, ਚਮਕੌਰ ਸਿੰਘ ਘਰਾਂਚੋ, ਗੁਰਦਾਸ ਜਲੂਰ, ਗੁਰਦੀਪ ਧੰਦੀਵਾਲ ਨੇ ਵੀ ਸੰਬੋਧਨ ਕੀਤਾ।
 
 

rajwinder kaur

This news is Content Editor rajwinder kaur