ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ 135 ਦੁਕਾਨਾਂ ''ਤੇ ਕੀਤੀ ਛਾਪੇਮਾਰੀ

07/09/2019 4:18:54 PM

ਸੰਗਰੂਰ (ਯਾਦਵਿੰਦਰ) : ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਤੀਬਾੜੀ ਵਿਭਾਗ ਦੀਆਂ ਦੋ ਦਰਜਨ ਤੋਂ ਵੱਧ ਟੀਮਾਂ ਵੱਲੋ ਜ਼ਿਲੇ ਦੇ ਸਾਰੇ ਬਲਾਕਾਂ ਵਿਚ ਬੀਜ, ਰਸਾਇਣਕ ਖਾਦ ਅਤੇ ਨਦੀਨਨਾਸ਼ਕ ਦਵਾਈ ਵਿਕਰੇਤਾਵਾਂ ਦੀਆਂ 135 ਦੁਕਾਨਾਂ 'ਤੇ ਅਚਨਚੇਤ ਛਾਪਾਮਾਰੀ ਕੀਤੀ ਗਈ।

PunjabKesari

ਇਸ ਦੌਰਾਨ ਟੀਮਾਂ ਨੇ ਡੀਲਰਾਂ ਦੁਆਰਾ ਬੀਜਾਂ, ਨਦੀਨਨਾਸ਼ਕਾਂ ਅਤੇ ਖਾਦਾਂ ਦੀ ਖਰੀਦੋ-ਫਰੋਖਤ ਸਬੰਧੀ ਲਗਾਏ ਸਟਾਕ ਰਜਿਸਟਰਾਂ ਦੀ ਪੜਤਾਲ ਕੀਤੀ। ਛਾਪੇਮਾਰੀ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਖਤ ਦਿਸ਼ਾ-ਨਿਰਦੇਸ਼ ਪ੍ਰਾਪਤ ਹੋਏ ਹਨ ਕਿ ਕਿਸੇ ਵੀ ਡੀਲਰ ਨੂੰ ਗੈਰ-ਮਿਆਰੀ ਕਿਸਮ ਦੇ ਬੀਜ, ਨਦੀਨਨਾਸ਼ਕ, ਖਾਦਾਂ ਤੇ ਫਸਲਾਂ ਲਈ ਨੁਕਸਾਨਦਾਇਕ ਖੇਤੀ ਸਮੱਗਰੀ ਦੀ ਵਿਕਰੀ ਨਾ ਕਰਨ ਦਿੱਤੀ ਜਾਵੇ ਅਤੇ ਜੇਕਰ ਕੋਈ ਡੀਲਰ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਵੇ ਤਾਂ ਉਸ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੋਂ ਨਮੂਨੇ ਲੈ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੀਜ, ਖਾਦ ਜਾਂ ਖੇਤੀ ਅਧਾਰਿਤ ਦਵਾਈਆਂ ਖਰੀਦਣ ਸਮੇਂ ਸਬੰਧਤ ਡੀਲਰ ਕੋਲੋਂ ਬਿੱਲ ਜ਼ਰੂਰ ਪ੍ਰਾਪਤ ਕਰਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕੀਟਨਾਸ਼ਕਾਂ ਦੇ 6 ਅਤੇ ਖਾਦਾਂ ਦੇ 4 ਨਮੂਨੇ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਕਮੀ ਸਾਹਮਣੇ ਆਉਣ 'ਤੇ ਸਬੰਧਤ ਡੀਲਰ ਵਿਰੁੱਧ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।


cherry

Content Editor

Related News