ਸੰਗਰੂਰ : ਬੈਂਕ ਦੇ ਬਾਹਰ ਇਕੱਠੀ ਹੋਈ ਭੀੜ ਨੇ ਕੋਰੋਨਾ ਨਿਯਮਾਂ ਦੀਆਂ ਜੰਮ ਕੇ ਉਡਾਈਆਂ ਧੱਜੀਆਂ

05/12/2021 5:45:42 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਬਲਾਕ ’ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਣ ਅਤੇ ਮੌਤ ਦਾ ਅੰਕੜਾ ਵਧਣ ਦੇ ਬਾਵਜੂਦ ਸ਼ਹਿਰ ’ਚ ਲੋਕਾਂ ਵੱਲੋਂ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਦੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅੱਜ ਸ਼ਹਿਰ ’ਚ ਬੈਂਕਾਂ ਦੇ ਕੀਤੇ ਗਏ ਦੌਰੇ ਦੌਰਾਨ ਸੰਗਰੂਰ ਰੋਡ ਉਪਰ ਸਥਿਤ ਓਰੀਐਂਟਲ ਬੈਂਕ ਆਫ਼ ਕਾਮਰਸ ਤੋਂ ਪੰਜਾਬ ਨੈਸ਼ਨਲ ਬੈਂਕ ’ਚ ਮਰਜ ਹੋਈ ਬ੍ਰਾਂਚ ਵਿਖੇ ਦੇਖਿਆ ਕਿ ਬੈਂਕ ਦੇ ਗੇਟ ਅੱਗੇ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ। ਜਿਥੇ ਸਮਾਜਿਕ ਦੂਰੀ ਦੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਉਣ ਦੇ ਨਾਲ-ਨਾਲ ਔਰਤਾਂ, ਬੱਚੇ, ਨੌਜਵਾਨ ਅਤੇ ਹੋਰ ਵਿਅਕਤੀ ਭੀੜ ’ਚ ਬਿਨਾਂ ਮਾਸਕ ਤੋਂ ਖੜ੍ਹੇ ਨਜ਼ਰ ਆਏ।

ਜਦੋਂ ਬੈਂਕ ਅੰਦਰ ਜਾ ਕੇ ਦੇਖਿਆਂ ਤਾਂ ਬੈਂਕ ਦੇ ਅੰਦਰ ਵੀ ਲੋਕਾਂ ਦੀ ਵੱਡੀ ਭੀੜ ਸੀ ਅਤੇ ਬੈਂਕ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ਉਪਰ ਦੋ ਗਜ਼ ਦੀ ਦੂਰੀ ਬਣਾਈ ਰੱਖਣ ਲਈ ਕੋਈ ਨਿਸ਼ਾਨ ਨਹੀਂ ਬਣਾਏ ਹੋਏ ਸਨ ਅਤੇ ਲੋਕ ਭੀੜ ਦੇ ਰੂਪ ’ਚ ਇਕ ਦੂਜੇ ਨਾਲ ਪੂਰੀ ਤਰ੍ਹਾਂ ਜੁੜ ਕੇ ਗੇਟ ਨਾਲ ਲੱਗੇ ਖੜ੍ਹੇ ਸਨ। ਅੱਜ ਕੋਰੋਨਾ ਮਹਾਮਾਰੀ ਦੀ ਮਾਰ ਜਦੋਂ ਜ਼ਿਆਦਾ ਤਰ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਨੂੰ ਪੈ ਰਹੀ ਹੈ ਤਾਂ ਇਸ ਭੀੜ ’ਚ ਜ਼ਿਆਦਾ ਬਜ਼ੁਰਗ ਹੀ ਨਜ਼ਰ ਆਏ ਅਤੇ ਲੋਕ ਇੰਨੇ ਲਾਪ੍ਰਵਾਹ ਨਜ਼ਰ ਆਏ ਕਿ ਕੋਰੋਨਾ ਦੇ ਵਧਦੇ ਪ੍ਰਕੋਪ ਤੋਂ ਬਿਲਕੁੱਲ ਬੇਖੌਫ਼ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਭੀੜ ’ਚ ਖੜ੍ਹੇ ਸਨ।

ਜਦੋਂ ਇਸ ਸਬੰਧੀ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਬੈਂਕ ਅੰਦਰ ਮੈਨੇਜਰ ਸਾਹਿਬ ਦੇ ਨਾਲ-ਨਾਲ ਬੈਂਕ ਦੇ ਗੰਨਮੈਨ ਦੋਵੇਂ ਪੋਸਟਾਂ ਖਾਲੀ ਪਈਆਂ ਸਨ ਭਾਵ ਬੈਂਕ ਅੰਦਰ ਨਾ ਹੀ ਰਾਜ ਬਾਬੂ ਹੈ ਅਤੇ ਨਾ ਹੀ ਚੌਕੀਦਾਰ। ਕਲੈਰੀਕਲ ਸਟਾਫ਼ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਬੈਂਕ ਦੇ ਬਾਕੀ ਕਰਮਚਾਰੀ ਵੀ ਗੱਲਬਾਤ ਕਰਨ ਤੋਂ ਕਤਰਾਉਂਦੇ ਹੋਏ ਨਜ਼ਰ ਆਏ ਪਰ ਫਿਰ ਉਨ੍ਹਾਂ ਦੱਸਿਆ ਕਿ ਉਹ ਇਸ ਸੰਬੰਧੀ ਕਈ ਵਾਰ ਸਥਾਨਕ ਪੁਲਸ ਅਤੇ ਬੈਂਕ ਦੀ ਮੈਨੇਜਮੈਂਟ ਨੂੰ ਜਾਣਕਾਰੀ ਦੇ ਚੁੱਕੇ ਹਨ ਅਤੇ ਇਥੇ ਸੁਰੱਖਿਆ ਲਈ ਗਾਰਡ ਦੀ ਮੰਗ ਕਰ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਗੰਨਮੈਨ ਦੀ ਪੋਸਟ ਖਾਲੀ ਹੋਣ ਕਾਰਨ ਇਥੇ ਕੋਈ ਵੀ ਹੋਰ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ। ਕਰਮਚਾਰੀਆਂ ਨੇ ਦੱਸਿਆ ਕਿ ਬੈਂਕ ਅੰਦਰ ਬਜ਼ੁਰਗਾਂ ਦੀਆਂ ਪੈਨਸ਼ਨਾਂ ਦੀ ਰਾਸ਼ੀ ਆਉਣ ਕਾਰਨ ਇਥੇ ਬਜ਼ੁਰਗਾਂ ਦੀ ਭੀੜ ਲੱਗ ਜਾਂਦੀ ਹੈ ਅਤੇ ਫਿਰ ਇਨ੍ਹਾਂ ਵੱਲੋਂ ਗੇਟ ਅੱਗੇ ਖੜ੍ਹੇ ਹੋ ਕੇ ਅੰਦਰ ਪ੍ਰਵੇਸ਼ ਕਰਨ ਲਈ ਉਨ੍ਹਾਂ ਨਾਲ ਧੱਕਾ-ਮੁਕੀ ਵੀ ਕੀਤੀ ਜਾਂਦੀ ਹੈ। ਉਨ੍ਹਾਂ ਵੀ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਥੇ ਬੈਂਕ ਅੱਗੇ ਸੁਰੱਖਿਆ ਲਈ ਪੁਲਸ ਕਰਮਚਾਰੀ ਖੜ੍ਹੇ ਕੀਤੇ ਜਾਣ।
ਇਸ ਤੋਂ ਬਾਅਦ ਸਟੇਟ ਬੈਂਕ ਆਫ਼ ਪਟਿਆਲਾ ਤੋਂ ਸਟੇਟ ਬੈਂਕ ਆਫ਼ ਇੰਡੀਆਂ ’ਚ ਮਰਜ ਹੋਈ ਬ੍ਰਾਂਚ ਦਾ ਦੌਰਾ ਕਰਨ ’ਤੇ ਦੇਖਿਆ ਕਿ ਇਥੇ ਟੋਕਨ ਸਿਸਟਮ ਰਾਹੀਂ ਖਪਤਕਾਰਾਂ ’ਚ ਸਮਾਜਿਕ ਦੂਰੀ ਦੀ ਪਾਲਣਾ ਕਰਵਾਉਣ ਦੇ ਨਾਲ-ਨਾਲ ਅਨੁਸ਼ਾਸਨ ਨਾਲ ਕੰਮ ਚਲਾਇਆ ਜਾ ਰਿਹਾ ਸੀ।
 

Manoj

This news is Content Editor Manoj