ਚਿੱਟਾ, ਨਸ਼ੀਲੀਆਂ ਗੋਲੀਆਂ ਅਤੇ ਸ਼ਰਾਬ ਸਮੇਤ 14 ਵਿਅਕਤੀ ਗ੍ਰਿਫਤਾਰ

02/09/2020 4:56:26 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ 9 ਕੇਸਾਂ 'ਚ 3 ਗ੍ਰਾਮ 70 ਮਿਲੀ ਗ੍ਰਾਮ ਚਿੱਟਾ, 4792 ਨਸ਼ੀਲੀਆਂ ਗੋਲੀਆਂ, 43 ਬੋਤਲਾਂ ਸ਼ਰਾਬ ਸਮੇਤ 14 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਤਿੰਨ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ. ਡਾ. ਸੰਦੀਪ ਗਰਗ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈਲ ਮਾਲੇਰਕੋਟਲਾ ਦੇ ਪੁਲਸ ਅਧਿਕਾਰੀ ਬਲਵੀਰ ਸਿੰਘ ਜਦੋਂ ਗਸ਼ਤ ਦੌਰਾਨ ਪਿੰਡ ਸਲਾਰ ਦੇ ਨਹਿਰ ਪੁਲ ਕੋਲ ਮੌਜੂਦ ਸੀ ਤਾਂ
ਮੁਖਬਰ ਨੇ ਸੂਚਨਾ ਦਿੱਤੀ ਕਿ ਮੁਨਸ਼ੀ ਸਿੰਘ ਵਾਸੀ ਖਾਨਪੁਰ ਆਪਣੇ ਮੋਟਰਸਾਈਕਲ ਤੇ ਚਿੱਟਾ ਵੇਚਣ ਦਾ ਕੰਮ ਕਰਦਾ ਹੈ। ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਉਸ ਕੋਲੋਂ 3 ਗ੍ਰਾਮ 70 ਮਿਲੀਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ ਅਤੇ ਥਾਣਾ ਅਮਰਗੜ੍ਹ 'ਚ ਕੇਸ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਨਾਲ ਪੁਲਸ ਚੌਂਕੀ ਬਡਰੁੱਖਾਂ ਦੇ ਪੁਲਸ ਅਧਿਕਾਰੀ ਸਤਪਾਲ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਸਟੈਂਡ ਬਹਾਦਰਪੁਰ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਦਰਸ਼ਨ ਸਿੰਘ ਉਰਫ ਦਰਸ਼ੀ ਵਾਸੀ ਬਡਬਰ, ਜੀਵਨ ਸਿੰਘ ਵਾਸੀ ਲੌਂਗੋਵਾਲ, ਸੰਦੀਪ ਸਿੰਘ ਵਾਸੀ ਬਰਡਬਰ ਜੋ ਕਿ ਅਮਨਦੀਪ ਸਿੰਘ ਵਾਸੀ ਬਡਬਰ ਕੋਲੋਂ ਨਸ਼ੀਲੀਆਂ ਗੋਲੀਆਂ ਖਰੀਦਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਕਰਕੇ ਤਿੰਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 2300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਦੋਂ ਕਿ ਅਮਨਦੀਪ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਕ ਹੋਰ ਮਾਮਲੇ 'ਚ ਥਾਣਾ ਚੀਮਾ ਦੇ ਪੁਲਸ ਅਧਿਕਾਰੀ ਮਿੱਠੂ ਰਾਮ ਜਦੋਂ ਬੱਸ ਸਟੈਂਡ ਤੋਲਾਵਾਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਅਮਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਵਾਸੀਆਨ ਬਡਬਰ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਉਹ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਪਿੰਡ ਤੋਲਾਵਾਲ ਨੂੰ ਜਾਣਗੇ ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉੁਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਇਸੇ ਤਰ੍ਹਾਂ ਨਾਲ ਐਂਟੀ ਨਾਰਕੋਟਿਕ ਸੈਲ ਸੰਗਰੂਰ ਦੇ ਪੁਲਸ ਅਧਿਕਾਰੀ ਗੁਰਭੇਜ ਸਿੰਘ ਜਦੋਂ ਗਸ਼ਤ ਦੌਰਾਨ ਬੱਸ ਸਟੈਂਡ ਧਰਮਗੜ੍ਹ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਦਿਲਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਵਾਸੀ ਚੀਮਾ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਸੂਰਜ ਸਿੰਘ ਵਾਸੀ ਜਖੇਪਲ ਇਨ੍ਹਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਹੈ। ਅੱਜ ਵੀ ਦਿਲਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਨਸ਼ੀਲੀਆਂ ਗੋਲੀਆਂ ਵੇਚਣ ਲਈ ਪਿੰਡ ਦੋਲੇਵਾਲ ਅਤੇ ਗੰਢੂਆਂ ਜਾਣਗੇ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 430 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਥਾਣਾ ਧਰਮਗੜ੍ਹ 'ਚ ਕੇਸ ਦਰਜ ਕੀਤਾ ਗਿਆ ਜਦਕਿ ਸੂਰਜ ਸਿੰਘ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਕ ਹੋਰ ਮਾਮਲੇ 'ਚ ਥਾਣਾ ਧਰਮਗੜ੍ਹ ਦੇ ਪੁਲਸ ਅਧਿਕਾਰੀ ਗੁਰਤੇਜ ਸਿੰਘ ਜਦੋਂ ਬੱਸ ਅੱਡਾ ਜਖੇਪਲ ਮੌਜੂਦ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਸ਼ਿੰਗਾਰਾ ਸਿੰਘ ਵਾਸੀ ਭੈਣੀ ਮਹਿਰਾਜ ਅਤੇ ਹਰਪ੍ਰੀਤ ਸਿੰਘ ਵਾਸੀ ਬਡਬਰ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ। ਇਹ ਨਸ਼ੀਲੀਆਂ ਗੋਲੀਆਂ ਹਰਜੀਤ ਸਿੰਘ ਵਾਸੀ ਹਰਿਆਉ ਥਾਣਾ ਲਹਿਰਾ ਤੋਂ ਲੈ ਕੇ ਆਉਂਦੇ ਹਨ। ਅੱਜ ਵੀ ਸ਼ਿੰਗਾਰ ਸਿੰਘ ਅਤੇ ਹਰਪ੍ਰੀਤ ਸਿੰਘ ਨਸ਼ੀਲੀਆਂ ਗੋਲੀਆਂ ਲੈ ਕੇ ਜੇਖਪਲ ਵੱਲ ਨੂੰ ਜਾਣਗੇ। ਸੂਚਨਾ ਦੇ ਆਧਾਰ 'ਤੇ ਰੇਡ ਕਰਕੇ ਉਕਤ ਦੋਵਾਂ ਵਿਅਕਤੀਆਂ ਤੋਂ 1000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਦੋਂਕਿ ਹਰਜੀਤ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ।

ਇਸੇ ਤਰ੍ਹਾਂ ਨਾਲ ਥਾਣਾ ਮੂਣਕ ਦੇ ਪੁਲਸ ਅਧਿਕਾਰੀ ਸੁਰਿੰਦਰ ਸਿੰਘ ਜਦੋਂ ਪਿੰਡ ਸਲੇਮਗੜ੍ਹ ਬੱਸ ਸਟੈਂਡ ਮੌਜੂਦ ਸੀ ਤਾਂ ਗੁਰਬਚਨ ਸਿੰਘ ਵਾਸੀ ਘਨੌਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 62 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਥਾਣਾ ਸਿਟੀ ਮਾਲੇਰਕੋਟਲਾ ਦੇ ਹੌਲਦਾਰ ਮਲਕੀਤ ਸਿੰਘ ਜਦੋਂ ਧੂਰੀ ਰੋਡ ਮਾਲੇਰਕੋਟਲਾ ਮੌਜੂਦ ਸੀ ਤਾਂ ਇਕ ਵਿਅਕਤੀ ਪਲਾਸਟਿਕ ਦੀ ਕੈਨੀ ਚੁੱਕੀ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲੈਣ ਦੌਰਾਨ ਉਸ ਕੋਲੋਂ 9 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀਆਂ ਗਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਮੁਹੰਮਦ ਅਰਸ਼ਦ ਵਾਸੀ ਮਾਲੇਰਕੋਟਲਾ ਵਜੋਂ ਹੋਈ। ਇਸੇ ਤਰ੍ਹਾਂ ਨਾਲ ਥਾਣਾ ਸਿਟੀ ਸੰਗਰੂਰ ਦੇ ਪੁਲਸ ਅਧਿਕਾਰੀ ਸੁਖਰਾਜ ਸਿੰਘ ਨੂੰ ਗਸ਼ਤ ਦੌਰਾਨ ਇਕ ਨੌਜਵਾਨ ਸਿਰ ਤੇ ਵਜਨਦਾਰ ਥੈਲਾ ਚੁੱਕੀ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲੈਣ 'ਤੇ ਉਸ 'ਚੋਂ 24 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਾਸੀ ਸੰਗਰੂਰ ਵਜੋਂ ਹੋਈ। ਇਕ ਹੋਰ ਮਾਮਲੇ 'ਚ ਥਾਣਾ ਸਿਟੀ 1 ਸੰਗਰੂਰ ਦੇ ਪੁਲਸ ਅਧਿਕਾਰੀ ਨਰਿੰਦਰ ਸਿੰਘ ਜਦੋਂ ਗਸ਼ਤ ਦੌਰਾਨ ਰੇਲਵੇ ਫਾਟਕ ਰਾਮਨਗਰ ਬਸਤੀ ਸੰਗਰੂਰ ਨੂੰ ਜਾ ਰਹੇ ਸਨ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ, ਜਿਸਦੇ ਹੱਥ 'ਚ ਪਲਾਸਟਿਕ ਦੀ ਕੈਨੀ ਚੁੱਕੀ ਹੋਈ ਸੀ। ਸ਼ੱਕ ਦੇ ਆਧਾਰ 'ਤੇ ਉਸਦੀ ਤਲਾਸ਼ੀ ਲੈਣ ਤੇ ਉਸ 'ਚੋਂ 10 ਬੋਤਲਾਂ ਸ਼ਰਾਬ ਦੀਆਂ ਬਰਾਮਦ ਹੋਈਆਂ। ਗ੍ਰਿਫਤਾਰ ਵਿਅਕਤੀ ਦੀ ਪਛਾਣ ਜਗਰਾਜ ਸਿੰਘ ਵਾਸੀ ਸੰਗਰੂਰ ਵਜੋਂ ਹੋਈ।

Baljeet Kaur

This news is Content Editor Baljeet Kaur