ਖਰੀਦ ਕੇਂਦਰ 'ਚ ਬਾਰਦਾਨਾ ਨਾ ਪਹੁੰਚਣ 'ਤੇ ਕਿਸਾਨਾਂ ਕੀਤੀ ਨਾਅਰੇਬਾਜ਼ੀ

10/18/2019 12:06:07 PM

ਸੰਗਤ ਮੰਡੀ (ਮਨਜੀਤ) : ਮਾਰਕੀਟ ਕਮੇਟੀ ਸੰਗਤ ਅਧੀਨ ਪੈਂਦੇ ਖਰੀਦ ਕੇਂਦਰ ਬਾਂਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁੰਨਾਂ ਤੇ ਕਿਸਾਨਾਂ ਵਲੋਂ ਬਾਰਦਾਨਾ ਨਾ ਪਹੁੰਚਣ ਕਾਰਨ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਦੇ ਮੈਂਬਰ ਨਛੱਤਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੇਸ਼ੱਕ ਖਰੀਦ ਕੇਂਦਰ 'ਚ ਝੋਨੇ ਦੀ ਬੋਲੀ ਤਾਂ ਲੱਗ ਗਈ ਪਰ ਬਾਰਦਾਨਾ ਨਾ ਪਹੁੰਚਣ ਕਾਰਨ ਝੋਨੇ ਦੀ ਤੁਲਾਈ ਨਹੀਂ ਹੋ ਸਕੀ, ਜਿਸ ਕਾਰਨ ਝੋਨੇ ਨਾਲ ਖਰੀਦ ਕੇਂਦਰ ਪੂਰੀ ਤਰ੍ਹਾਂ ਭਰ ਚੁੱਕਿਆ ਹੈ।

ਉਨ੍ਹਾਂ ਦੱਸਿਆ ਕਿ ਬਾਰਦਾਨਾ ਖਰੀਦ ਕੇਂਦਰ 'ਚ ਨਾ ਪਹੁੰਚਣ ਕਾਰਨ ਮਜ਼ਦੂਰ ਵੀ ਹੁਣ ਵਿਹਲੇ ਬੈਠੇ ਹਨ। ਉਨ੍ਹਾਂ ਸੂਬਾ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਵਲੋਂ ਕਿਸਾਨਾਂ ਦੀ 24 ਘੰਟਿਆਂ 'ਚ ਫਸਲ ਖਰੀਦ ਕੇ ਭੁਗਤਾਨ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਮੰਡੀਆਂ 'ਚ ਕਿਸਾਨ ਆਪਣੀ ਫਸਲ ਵੇਚਣ ਲਈ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਬਾਰਦਾਨਾ ਨਾ ਪਹੁੰਚਣ ਕਾਰਨ ਉਹ ਕਿਸਾਨ ਵੀ ਖੱਜਲ-ਖੁਆਰ ਹੋ ਰਹੇ ਹਨ ਜਿਨ੍ਹਾਂ ਦੇ ਝੋਨੇ ਦੀ ਬੋਲੀ ਲੱਗ ਚੁੱਕੀ ਹੈ। ਕਿਸਾਨਾਂ ਵੱਲੋਂ ਚਿਤਾਵਨੀ ਭਰੇ ਲਹਿਜੇ 'ਚ ਕਿਹਾ ਗਿਆ ਕਿ ਜੇਕਰ ਇਕ ਦਿਨ 'ਚ ਖ੍ਰੀਦ ਕੇਂਦਰ ਅੰਦਰ ਬਾਰਦਾਨਾ ਨਾ ਪਹੁੰਚਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮੈਂਬਰ ਨਛੱਤਰ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਗਰੇਵਾਲ ਆਦਿ ਮੌਜੂਦ ਸਨ।

ਕੀ ਕਹਿੰਦੇ ਪਨਗ੍ਰੇਨ ਦੇ ਇੰਸਪੈਕਟਰ
ਜਦ ਇਸ ਸਬੰਧੀ ਪਨਗ੍ਰੇਨ ਦੇ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਠੇਕੇਦਾਰ ਦੀ ਮਜ਼ਦੂਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਗੱਲ ਹੋ ਗਈ ਸੀ, ਜਿਸ ਕਾਰਨ ਬਾਰਦਾਨਾ ਮੰਡੀ 'ਚ ਨਹੀਂ ਪਹੁੰਚ ਸਕਿਆ। ਉਨ੍ਹਾਂ ਦੱਸਿਆ ਕਿ ਹੁਣ ਸਭ ਠੀਕ ਹੋ ਗਿਆ ਹੈ। ਇਕ ਘੰਟੇ 'ਚ ਬਾਰਦਾਨਾ ਮੰਡੀ 'ਚ ਪਹੁੰਚ ਜਾਵੇਗਾ।


cherry

Content Editor

Related News