ਵਿਅਕਤੀ ਨੇ ਖੁਦ ਨੂੰ ਲਾਈ ਅੱਗ, ਪਤਨੀ ਸਮੇਤ ਸਹੁਰਾ ਪਰਿਵਾਰ ਵਿਰੁੱਧ ਮਾਮਲਾ ਦਰਜ

12/06/2019 10:57:09 AM

ਸੰਗਤ ਮੰਡੀ (ਮਨਜੀਤ) : ਪਿੰਡ ਬੰਬੀਹਾ ਵਿਖੇ ਪਤਨੀ ਤੇ ਸਹੁਰਿਆਂ ਨਾਲ ਘਰੇਲੂ ਕਲੇਸ਼ ਦੇ ਕਾਰਨ ਇਕ ਵਿਅਕਤੀ ਨੇ ਆਪਣੇ 'ਤੇ ਤੇਲ ਪਾ ਕੇ ਅੱਗ ਲਾ ਲਈ। ਗੰਭੀਰ ਹਾਲਤ ਵਿਚ ਉਸ ਨੂੰ ਫਰੀਦਕੋਟ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਵਿਅਕਤੀ ਨੇ ਜੱਜ ਅਤੇ ਪੁਲਸ ਸਾਹਮਣੇ ਆਪਣੀ ਪਤਨੀ, ਸਹੁਰਾ, ਸਾਲਾ, ਸਾਂਢੂ ਤੇ ਭੂਆ ਦੇ ਜਵਾਈ ਵਿਰੁੱਧ ਤੰਗ-ਪ੍ਰੇਸ਼ਾਨ ਕਰਨ ਅਤੇ ਜ਼ਮੀਨ ਲੈਣ ਲਈ ਦਬਾਅ ਬਣਾਉਣ ਦੇ ਬਿਆਨ ਦਰਜ ਕਰਵਾਏ ਸਨ।

ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਤਰਸੇਮ ਸਿੰਘ ਉਰਫ ਸੇਮਾ (35) ਪੁੱਤਰ ਤਾਰਾ ਨੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ 'ਚ ਮਾਣਯੋਗ ਜੱਜ ਚੇਤਨ ਸ਼ਰਮਾ ਅੱਗੇ ਬਿਆਨ ਦਿੱਤੇ ਸਨ ਕਿ ਉਸ ਦਾ ਸਹੁਰਾ ਭੋਲਾ ਸਿੰਘ ਉਰਫ ਸੁਰਮੁੱਖ ਪੁੱਤਰ ਗੁਰਚਰਨ ਸਿੰਘ, ਸਾਲਾ ਗੁਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਭੋਲਾ ਸਿੰਘ ਵਾਸੀਆਨ ਚੱਕ ਅਤਰ ਸਿੰਘ ਵਾਲਾ, ਪਤਨੀ ਹਰਪ੍ਰੀਤ ਕੌਰ ਵਾਸੀ ਬੰਬੀਹਾ, ਭੂਆ ਦਾ ਜਵਾਈ ਗੋਰਾ ਸਿੰਘ ਵਾਸੀ ਕੋਟਗੁਰੂ ਤੇ ਸਾਂਢੂ ਗੁਰਤੇਜ ਸਿੰਘ ਵਾਸੀ ਚੋਰਮਾਰ (ਹਰਿਆਣਾ) ਤੋਂ ਤੰਗ ਆ ਕੇ ਆਪਣੇ 'ਤੇ ਤੇਲ ਪਾ ਕੇ ਅੱਗ ਲਾਈ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਉਸ ਨੂੰ ਜ਼ਮੀਨ ਆਪਣੇ ਨਾਂ ਕਰਵਾਉਣ ਲਈ ਧਮਕੀਆਂ ਦਿੰਦੇ ਰਹਿੰਦੇ ਸਨ, ਜਿਸ ਤੋਂ ਅੱਕ ਕੇ ਉਸ ਨੇ ਇਹ ਕਦਮ ਚੁੱਕਿਆ। ਪੁਲਸ ਵੱਲੋਂ ਮੁਦਈ ਦੇ ਬਿਆਨਾਂ 'ਤੇ ਉਕਤ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਪੁਲਸ ਵੱਲੋਂ ਹਾਲੇ ਤੱਕ ਇਸ ਮਾਮਲੇ 'ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਤਰਸੇਮ ਸਿੰਘ ਨੇ ਬੀਤੇ ਦਿਨ ਘਰ 'ਚ ਤੇਲ ਪਾ ਕੇ ਆਪਣੇ ਆਪ ਨੂੰ ਅੱਗ ਲਾ ਲਈ ਸੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਦੇ ਕਾਰਣ ਪਹਿਲਾ ਸਿਵਲ ਹਸਪਤਾਲ ਘੁੱਦਾ, ਉਸ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਲਿਜਾਇਆ ਗਿਆ, ਜਿਥੇ ਡਾਕਟਰਾਂ ਵੱਲੋਂ ਉਸ ਦੀ ਨਾਜ਼ੁਕ ਹਾਲਤ ਦੇ ਕਾਰਣ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਸੀ, ਜਿਥੇ ਉਸ ਦੀ ਮੌਤ ਹੋ ਗਈ।

cherry

This news is Content Editor cherry